ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/152

ਇਹ ਸਫ਼ਾ ਪ੍ਰਮਾਣਿਤ ਹੈ

ਨਾ ਮਤਲਾ ਨਾ ਮਕਤਾਅ ਇਹ ਤਾਂ ਦਰਦ ਕਹਾਣੀ ਰਾਤ ਦੀ।
ਤਰਲ ਵਾਰਤਾ ਇਹ ਤਾਂ ਦਿਲ ਦੇ ਅੰਦਰਲੇ ਜਜ਼ਬਾਤ ਦੀ।

ਹੋਰ ਕਿਸੇ ਨੂੰ ਕੀ ਸਮਝਾਵਾਂ, ਮੈਂ ਤੇ ਆਪ ਗਵਾਚਾ ਹਾਂ,
ਸਮਝ ਅਜੇ ਨਾ ਆਈ ਮੈਨੂੰ, ਹਾਲੇ ਆਪਣੀ ਜ਼ਾਤ ਦੀ।

ਰੋਟੀ ਨੂੰ ਕਾਂ ਝਪਟਾ ਮਾਰੂ, ਖੋਹ ਲੈ ਜਾਊ ਬਾਲਾਂ ਤੋਂ,
ਨੀਅਤ ਖੋਟੀ ਸਮਝ ਗਿਆਂ ਮੈਂ, ਕਾਲੇ ਮੂੰਹ ਬਦਜ਼ਾਤ ਦੀ।

ਸੋਚ ਸਮਝ ਕੇ ਚਾਤਰ ਲੋਕਾਂ, ਤਾਣੀ ਇਹ ਉਲਝਾਈ ਹੈ,
ਕੋਸ਼ਿਸ਼ ਕਰ ਸੁਲਝਾਉਣੀ ਚਾਹੁੰਨਾਂ, ਗੁੰਝਲ ਇਹ ਹਾਲਾਤ ਦੀ।

ਝਿਊਰੀ ਦੇ ਹੱਥਾਂ 'ਚੋਂ ਭਾਂਡੇ ਮਾਂਜਦਿਆਂ ਜੋ ਛਿੜਦੀ ਹੈ,
ਸਰਗਮ ਇਹ ਤਾਂ ਉਹਦੇ ਘਰ ਦੇ, ਸੱਖਣੇ ਤਵੇ ਪਰਾਤ ਦੀ।

ਜ਼ਹਿਰ ਪਿਆਉਂਦੇ ਰਾਜ ਘਰਾਣੇ, ਪਤਾ ਨਹੀਂ ਹੁਣ ਕਿੱਥੇ ਨੇ,
ਨਸਲ ਅਜੇ ਵੀ ਬੜ੍ਹਕਾਂ ਮਾਰੇ, ਵਿਸ਼ ਪੀਂਦੇ ਸੁਕਰਾਤ ਦੀ।

ਚਾਰ ਚੁਫੇਰਿਉਂ ਘਿਰਿਆ ਬੰਦਾ, ਫਾਹ ਲੈ ਕੇ ਕਿਉਂ ਮਰਦਾ ਹੈ,
ਪੈੜ ਪਛਾਣੋ ਕਿੱਧਰ ਜਾਂਦੀ, ਉਸ ਦੇ ਆਤਮਘਾਤ ਦੀ।

152