ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/15

ਇਹ ਸਫ਼ਾ ਪ੍ਰਮਾਣਿਤ ਹੈ

ਲੋਕ ਉਡੀਕ ਰਹੇ ਨੇ ਝੰਡੇ, ਸਾਡੇ ਹੱਕ ਵਿੱਚ ਕੁਝ ਤੇ ਬੋਲਣ ।
ਨੇੜੇ ਆ ਕੇ ਬੈਠਣ ਉੱਠਣ, ਸੁਣਨ ਸੁਣਾਉਣ ਤੇ ਦਰਦ ਫ਼ਰੋਲਣ ।

ਦਿਲ ਦੇ ਭਾਰੇ ਪਰਬਤ ਅੰਦਰ, ਕਿੰਨੇ ਗ਼ਮ ਜੋ ਖਿੰਘਰ ਹੋ ਗਏ,
ਮਾਣਕ ਮੋਤੀ ਲੱਭਣ ਵਾਲੇ, ਸਾਗਰ 'ਚੋਂ ਹੁਣ ਦਰਦ ਟਟੋਲਣ ।

ਵਕਤ ਸਵਾਲਾਂ ਘੇਰੇ ਅੰਦਰ, ਪੱਥਰ ਹੋ ਗਏ ਰੂਹ ਦੇ ਪੰਛੀ,
ਵੈਦ ਧਨੰਤਰ ਚੁੱਪ ਕਿਉਂ ਨੇ, ਫ਼ਰਜ਼ ਪਛਾਨਣ, ਘੁੰਡੀ ਖੋਲ੍ਹਣ ।

ਅੱਜ ਤੋਂ ਮਗਰੋਂ ਅੱਜ ਨਹੀਂ ਆਉਣਾ, ਕੱਲ੍ਹ ਦਾ ਨਾਮ ਕੁਵੇਲੇ ਵਰਗਾ,
ਜੀਭਾਂ ਵਾਲੇ ਚੁੱਪ ਨਾ ਬੈਠਣ, ਬੋਲ ਪੁਗਾਵਣ, ਹੁਣ ਨਾ ਡੋਲਣ ।

ਧਰਤ ਤਰੇੜਾਂ ਪਾਟੀ ਤਰਸੇ, ਰਹਿਮਤ ਦਾ ਮੀਂਹ ਖੁੱਲ੍ਹ ਕੇ ਬਰਸੇ,
ਜਿਉਣ ਜੋਗੜੇ ਜ਼ਹਿਰ ਤਿਆਗਣ, ਸਾਹਾਂ ਅੰਦਰ ਮਿਸ਼ਰੀ ਘੋਲਣ ।

ਉਸ ਬਿਰਹਣ ਦੀ ਕੌਣ ਸੁਣੇਗਾ, ਜਿਸ ਦਾ ਕੰਤ ਘਰੇ ਨਾ ਮੁੜਿਆ,
ਚਾਂਦੀ ਵਾਲਾ ਚੋਗਾ ਚੁਗਦਾ, ਰੱਜਦਾ ਹੀ ਨਹੀਂ ਕਮਲ਼ਾ ਢੋਲਣ ।

ਅੱਕੇ ਲੋਕ ਪਲਟਦੇ ਤਖ਼ਤਾ, ਰਾਜ ਭਾਗ ਤਾਂ ਸ਼ੈਅ ਹੀ ਕੁਝ ਨਾ,
ਵਗਦੀ ਪੌਣੇ ਦੇਈਂ ਸੁਨੇਹੜਾ, ਹੋਰ ਨਾ ਸਾਡੀ ਹਸਤੀ ਰੋਲਣ ।

15