ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/148

ਇਹ ਸਫ਼ਾ ਪ੍ਰਮਾਣਿਤ ਹੈ

ਗਰਦ ਗੁਬਾਰ ਹਨੇਰ ਚੁਫ਼ੇਰਾ ਹਿੰਮਤ ਕਰਕੇ ਹੂੰਝੋ ਯਾਰ!
ਮਨ ਮਸਤਕ ਨੂੰ ਰੌਸ਼ਨ ਕਰਕੇ, ਕਾਲਾ ਟਿੱਕਾ ਪੂੰਝੋ ਯਾਰ!

ਰਾਜੇ ਤੇ ਮਹਾਰਾਜੇ ਜਿਹੜੇ ਬਿਲਕੁਲ ਸੁਣਨਾ ਚਾਹੁੰਦੇ ਨਾ,
ਇਨਕਲਾਬ ਦਾ ਨਾਅਰਾ ਲਾ ਕੇ ਕੂੜ ਕਬਾੜਾ ਪੂੰਝੋ ਯਾਰ!

ਇਸ ਧਰਤੀ ਨੇ ਬੰਧਨ ਤੋੜੇ, ਮੋੜੇ ਨੇ ਮੂੰਹ ਜਾਬਰ ਦੇ,
ਜਬਰ ਜ਼ੁਲਮ ਦੇ ਕਾਲੇ ਅੱਖਰ, ਜੋ ਲਿਖਦੇ ਨੇ ਪੂੰਝੋ ਯਾਰ।

ਜ਼ਾਲਮ ਪੰਜਾ ਹਰ ਵਾਰੀ ਹੀ, ਸਾਡੇ ਮੂੰਹ ਨੂੰ ਝਪਟ ਰਿਹਾ,
ਧਰਮ ਤਰਾਜ਼ੂ ਕਹਿ ਜੋ ਠਗਦੇ, ਸਭ ਵਣਜਾਰੇ ਹੂੰਝੋ ਯਾਰ!

ਪੰਜੀਂ ਸਾਈਂ ਕਰਨ ਨੀਲਾਮੀ, ਲੋਕ ਰਾਜ ਦੇ ਨਾਂ ਥੱਲੇ,
ਵਿਕਣ ਵਾਲਿਓ! ਵਿਕ ਨਾ ਜਾਇਉ, ਇਹ ਗੱਲ ਮਨ 'ਚੋਂ ਪੂੰਝੋ ਯਾਰ!

ਆਦਿ ਜੁਗਾਦੋਂ ਪਾਲਣਹਾਰੀ, ਸਾਡੀ ਸਭ ਦੀ ਮਾਂ ਧਰਤੀ,
ਇਸ ਦੀ ਅਜ਼ਮਤ ਨਾਲ ਖੇਡਦੇ, ਦਾਨਵ-ਪੰਥੀ ਹੁੰਝੋ ਯਾਰ!

ਮਾਲ ਖ਼ਜ਼ਾਨੇ ਇਸ ਧਰਤੀ ਦੇ, ਦੋਹੀਂ ਹੱਥੀਂ ਲੁੱਟਦੇ ਨੇ,
ਮੜਕਾਂ ਵਾਲਿਓ! ਬੜ੍ਹਕ ਮਾਰ ਕੇ, ਦੇਰ ਨਾ ਲਾਉ ਪੂੰਝੋ ਯਾਰ!

148