ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/136

ਇਹ ਸਫ਼ਾ ਪ੍ਰਮਾਣਿਤ ਹੈ

ਗੋਲ਼ੀ ਮਾਰ, ਬੰਦੂਕ ਚਲਾਉ, ਸ਼ਬਦ ਕਦੇ ਵੀ ਮਰਦੇ ਨਹੀਂ।
ਪੌਣਾਂ ਅੰਦਰ ਘੁਲ਼ ਜਾਂਦੇ ਨੇ, ਵਕਤ ਦੇ ਹੱਥੋਂ ਹਰਦੇ ਨਹੀਂ।

ਰਾਜੇ ਨੂੰ ਸ਼ੀਂਹ ਆਖਣ ਵਾਲੀ, ਪਿਰਤ ਮੇਰੇ ਗੁਰੂ ਨਾਨਕ ਦੀ,
ਹਾਲੇ ਤੀਕ ਮੁਕੱਦਮ ਜ਼ਹਿਰੀ, ਸ਼ੀਸ਼ੇ ਨੂੰ ਵੀ ਜਰਦੇ ਨਹੀਂ।

ਅੰਬਰ ਦੇ ਵਿੱਚ ਕਿੰਨੇ ਤਾਰੇ, ਜਾਗ ਰਹੇ ਨੇ ਸਦੀਆਂ ਤੋਂ,
ਇੱਕ ਅੱਧ ਨੁੱਕਰ ਭੁਰ ਜਾਵੇ ਤਾਂ, ਠੰਢੇ ਹਾਉਕੇ ਭਰਦੇ ਨਹੀਂ।

ਧਰਤੀ ਦੀ ਮਰਿਯਾਦਾ ਏਹੀ, ਚੋਰਾਂ ਨੂੰ ਬੱਸ ਚੋਰ ਕਹੋ,
ਹੱਕ ਸੱਚ ਤੇ ਇਨਸਾਫ਼ ਦੇ ਪਹਿਰੂ, ਇੰਜ ਆਖਣ ਤੋਂ ਡਰਦੇ ਨਹੀਂ।

ਅੰਨ੍ਹੇ ਕੁੱਤੇ, 'ਵਾ ਨੂੰ ਭੌਂਕਣ, ਦੁਸ਼ਮਣ ਦੀ ਪਹਿਚਾਣ ਬਿਨਾਂ,
ਆਪਣੀ ਨਸਲ ਬਿਨਾਂ ਬੇਨਸਲੇ, ਹੋਰ ਕਿਸੇ ਨੂੰ ਜਰਦੇ ਨਹੀਂ।

ਕਲਮਕਾਰ ਜੋ ਲਿਖੇ, ਮਿਟਾਵੇਂ, ਤੇਰੇ ਵੱਸ ਦੀ ਬਾਤ ਨਹੀਂ,
ਸ਼ਾਸਤਰਾਂ ਨੂੰ ਸ਼ਸਤਰ ਮਾਰੇ, ਸੂਰੇ ਏਦਾਂ ਕਰਦੇ ਨਹੀਂ।

ਇੱਕ ਦੀਵੇ ਦੀ ਲਾਟ ਬੁਝਾ ਕੇ, ਤੇਜ਼ ਹਨ੍ਹੇਰੀ ਸਮਝੇ ਨਾ,
ਬੰਨ੍ਹ ਕਤਾਰਾਂ, ਜਗਦੇ ਜੁਗਨੂੰ, ਪੈਰ ਪਿਛਾਂਹ ਨੂੰ ਧਰਦੇ ਨਹੀਂ।

136