ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/132

ਇਹ ਸਫ਼ਾ ਪ੍ਰਮਾਣਿਤ ਹੈ

ਕਿਊਬਾ ਦੇ ਅਣਖੀਲੇ ਰਾਸ਼ਟਰਪਤੀ ਫਾਈਦਲ ਕਾਸਟਰੋ ਦੇ ਚਲਾਣੇ 'ਤੇ

ਤੂੰ ਤੁਰਿਐਂ ਤਾਂ ਏਦਾਂ ਲੱਗਿਐ, ਮੌਤ ਝਕਾਨੀ ਦੇ ਗਈ ਯਾਰਾ।
ਇੱਕ ਦੂਜੇ ਨੂੰ ਮਿਲੇ ਕਦੇ ਨਾ, ਕਿਉਂ ਲੱਗਦਾ ਸੀ ਭਾਈਚਾਰਾ।

ਨੰਗੀ ਹੋ ਗਈ ਕੰਡ ਜਾਪਦੀ, ਢਹਿ ਗਿਆ ਕੋਸ ਮੀਨਾਰ ਅਣਖ ਦਾ,
ਸੋਹਣਾ ਭਿੜਿਓਂ ਨਾਲ ਦੁਸ਼ਮਣਾਂ, ਤੂੰ ਅਮਨਾਂ ਦੇ ਪਹਿਰੇਦਾਰਾ।

ਤੇਰਾ ਵਤਨ ਕਿਊਬਾ, ਸੂਹੇ ਸੂਰਜ ਦਾ ਹਮਨਾਮ ਬਣ ਗਿਆ,
ਪਿਘਲ ਗਿਆ ਤੂੰ ਲੋਕਾਂ ਖ਼ਾਤਰ, ਸਿਰ ਪੈਰੋਂ ਸਾਰੇ ਦਾ ਸਾਰਾ।

ਜਬਰ ਜ਼ੁਲਮ ਦੇ ਦਹਿਸਿਰ ਸਾਰੇ, ਤੇਰੇ ਤੇ ਹਮਲਾਵਰ ਬਣ ਕੇ,
ਚੜ੍ਹੇ ਅਨੇਕਾਂ ਵਾਰ ਸੀ ਭਾਵੇਂ, ਤੂੰ ਨਾ ਝੁਕਿਓਂ, ਵਾਹ ਸਰਦਾਰਾ।

ਇਨਕਲਾਬ ਦਾ ਸੂਹਾ ਪਰਚਮ, ਡਿੱਗਿਆ, ਚੁੱਕਿਆ ਫਿਰ ਲਹਿਰਾਇਆ,
ਰਿਹਾ ਚਮਕਦਾ ਨੂਰ ਨਿਰੰਤਰ, ਤੇਰੀ ਟੋਪੀ ਉਤਲਾ ਤਾਰਾ।

ਤੇਰੀ ਫ਼ੌਜੀਆਂ ਵਾਲੀ ਵਰਦੀ, ਜਿਸਮ ਤੇਰੇ ਦਾ ਹਿੱਸਾ ਬਣ ਗਈ,
ਤੂੰ ਇੱਕ ਵਾਰੀ ਵੀ ਨਾ ਕੰਬਿਆ, ਦੁਸ਼ਮਣ ਦਾ ਤੱਕ ਲਸ਼ਕਰ ਭਾਰਾ।

ਮਾਰ ਫੂਕ ਤੂੰ ਉੱਠ ਕੇ ਸ਼ੇਰਾ, ਸੁੱਤੇ ਲੋਕ ਜਗਾ ਦੇ ਫਿਰ ਤੂੰ,
ਨਰਸਿੰਘੇ ਦਾ ਨਾਦ ਸੁਣਾ ਦੇ, ਖੜਕ ਪਵੇ ਰਣਜੀਤ-ਨਗਾਰਾ।

132