ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/130

ਇਹ ਸਫ਼ਾ ਪ੍ਰਮਾਣਿਤ ਹੈ

ਵੇਖੀਂ ਇੱਕ ਦਿਨ ਖੁੱਲ੍ਹ ਜਾਵਣਗੇ, ਸਦੀਆਂ ਤੋਂ ਬੰਦ ਤਾਲੇ।
ਤੋਤੇ ਵਾਂਗ ਪਟਾਕਣਗੇ ਫਿਰ, ਟੁੱਕੀਆਂ ਜੀਭਾਂ ਵਾਲੇ।

ਲੋਕ ਕਚਹਿਰੀ ਅੰਦਰ ਆਉਣੇ ਬਣ ਫਰਿਆਦੀ ਵੇਖੀਂ,
ਖੱਭੀ ਖ਼ਾਨ ਕਹਾਉਂਦੇ ਨੇ ਜੋ, ਰਾਣੀ-ਖਾਂ ਦੇ ਸਾਲੇ।

ਜਬਰ ਜ਼ੁਲਮ ਦੀ ਇਸ ਤੋਂ ਵੱਧ ਕੀ ਹੋਰ ਹਨ੍ਹੇਰੀ ਵਗਣੀ,
ਧਰਮ ਸਿਆਸਤ ਜਿੱਥੇ ਰਲ਼ ਕੇ ਕਰਦੇ ਘਾਲ਼ੇ ਮਾਲ਼ੇ।

ਫਾਂਸੀ ਚੜ੍ਹਿਆਂ ਦੇ ਵਾਰਿਸ ਤਾਂ, ਚੇਤੇ ਕਿਸ ਨੂੰ ਰਹਿੰਦੇ,
ਤਖ਼ਤੇ ਚਾੜ੍ਹਨ ਵਾਲਿਆਂ ਮੁੜ ਕੇ ਆ ਫਿਰ ਤਖ਼ਤ ਸੰਭਾਲ਼ੇ।

ਬੰਦ ਬੂਹਿਆਂ ਨੂੰ ਖੋਲ੍ਹਣ ਮਗਰੋਂ ਫੇਰ ਬੁਹਾਰੀ ਸ਼ੇਰਾ,
ਚੰਗੇ ਨਹੀਉਂ ਹੁੰਦੇ ਲੱਗਣੇ, ਸੋਚਾਂ ਅੰਦਰ ਜਾਲ਼ੇ।

ਹੁਣ ਬਾਬਰ ਕਿਉਂ ਲਸ਼ਕਰ ਲੈ ਕੇ ਚੜ੍ਹ ਕਾਬਲ ਤੋਂ ਧਾਵੇ,
ਰੂਹ ਤੇ ਕਬਜ਼ੇ ਵਾਲੇ ਤੰਤਰ, ਜਦ ਉਸ ਆਪ ਸੰਭਾਲ਼ੇ।

ਚੋਰਾਂ ਦੇ ਗਲ਼ ਫਾਹੀਆਂ ਵੇਖਣ ਵਾਲੇ ਕਾਹਲੇ ਪੈ ਗਏ,
ਪਰ ਚਾਹੁੰਦੇ ਨੇ, ਇਹ ਕੰਮ ਕੋਈ ਦੂਜਾ ਆਣ ਸੰਭਾਲ਼ੇ।

130