ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/128

ਇਹ ਸਫ਼ਾ ਪ੍ਰਮਾਣਿਤ ਹੈ

ਭੁੱਲ ਕੇ ਵੀ ਵਿਰਲਾਪ ਨਾ ਕਰੀਏ ਮਰ ਮੁੱਕਿਆਂ ਦਰਿਆਵਾਂ ਦਾ।
ਫ਼ਿਕਰ ਜਦੋਂ ਵੀ ਕਰੀਏ, ਕਰੀਏ ਸੱਜਰੇ ਪੁੰਗਰੇ ਚਾਵਾਂ ਦਾ।

ਬਹੁਤ ਪਿਛਾਂਹ ਜੋ ਛੱਡ ਆਏ ਹਾਂ ਟੋਏ ਟਿੱਬੇ ਬਿਖੜੇ ਥਾਂ,
ਕਰੀਏ ਤਾਂ ਸ਼ੁਕਰਾਨਾ ਕਰੀਏ, ਕਰੀਏ ਉਨ੍ਹਾਂ ਰਾਹਵਾਂ ਦਾ।

ਧਰਤੀ ਹੇਠਾਂ ਬਲਦ ਖਲੋਤਾ, ਸਿੰਗੀਂ ਚੁੱਕ ਜੋ ਧਰਤੀ ਨੂੰ,
ਸਿਦਕੀ ਪੁੱਤਰ ਧਰਮ ਨਿਭਾਵੇ, ਜੋ ਸਮਝਾਇਆ ਮਾਵਾਂ ਦਾ।

ਅਸਲੀ ਪੂੰਜੀ ਸਗਲ ਸਮਰਪਣ, ਧਰਤੀ-ਧਰਮ ਨਿਭਾਉਣਾ ਹੈ,
ਮੁੱਲ ਦਵਾਨੀ ਨਹੀਓਂ ਨਖ਼ਰੋ, ਚੰਚਲ ਸ਼ੋਖ਼ ਅਦਾਵਾਂ ਦਾ।

ਇੱਕ ਉਮਰ ਤੋਂ ਮਗਰੋਂ ਜਾ ਕੇ ਜੀਣ-ਜੁਗਤ ਦੀ ਸਮਝ ਪਵੇ,
ਐਵੇਂ ਲੇਖਾ ਰੱਖਦੇ ਰਹੀਏ, ਕੁਝ ਥਾਵਾਂ ਕੁਝ ਨਾਵਾਂ ਦਾ।

ਏਕ ਜੋਤ ਦੀ ਮੂਰਤ ਸੁਣਿਐਂ, ਧਨ ਪਿਰ ਦੋਵੇਂ ਹੁੰਦੇ ਨੇ,
ਕਿਉਂ ਨਾ ਚੇਤਾ ਰੱਖਦੇ ਲੋਕੀਂ ਲਈਆਂ ਹੋਈਆਂ ਲਾਵਾਂ ਦਾ।

ਕੱਚੀ ਕੰਧ, ਆਲ਼ੇ ਵਿੱਚ ਦੀਵਾ, ਜਦ ਵੀ ਜਗਿਆ ਵੇਖ ਲਵਾਂ,
ਪਰ ਨਹੀਂ ਲੱਭਦਾ ਨਜ਼ਰ ਪਵੇ ਜਦ, ਚਿਹਰਾ ਮੈਨੂੰ ਮਾਵਾਂ ਦਾ।

128