ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/127

ਇਹ ਸਫ਼ਾ ਪ੍ਰਮਾਣਿਤ ਹੈ

ਮੇਰੀ ਰੂਹ ਦੇ ਅੰਦਰ ਵਾਰ ਕਿਤੇ ਇੱਕ ਜੋਤ ਇਲਾਹੀ ਜਗਦੀ ਹੈ।
ਜਦੋਂ ਟਿਕਟਿਕੀ ਲਾ ਕੇ ਵੇਖਾਂ, ਸੂਰਤ ਤੇਰੀ ਲਗਦੀ ਹੈ।

ਰੂਪ ਦੀ ਸਿਖ਼ਰ ਦੁਪਹਿਰ ਦੇ ਅੰਦਰ, ਦਰਸ ਪਿਆਸੇ ਨੈਣਾਂ ਨੂੰ,
ਇੱਕ ਦੋ ਘੁੱਟ ਪਿਆ ਦੇ ਨਦੀਓਂ, ਜੋ ਤੁਧ ਅੰਦਰ ਵਗਦੀ ਹੈ।

ਇਹ ਕੀ ਕਰਮ ਕਮਾਇਆ ਹੀਰੇ, ਰਾਂਝਣ ਯਾਰ ਨਿਮਾਣੇ ਤੇ,
ਸੁਪਨੇ ਵਿੱਚ ਵੀ ਬਹੁਤੀ ਵਾਰੀ ਸੂਰਤ ਤੇਰੀ ਠਗਦੀ ਹੈ।

ਇਸ਼ਕ ਸਮੁੰਦਰ ਦੇ ਵਿੱਚ ਡੁੱਬੇ, ਮੈਂ ਤਾਂ ਤਰਦੇ ਵੇਖੇ ਨਹੀਂ,
ਏਸ ਦੁਕਾਨ ਉਧਾਰ ਨਾ ਮਿਲਦਾ, ਸੌਦਾ ਨਕਦ-ਮੁ-ਨਕਦੀ ਹੈ।

ਮਹਿਕਾਂ ਦੇ ਲਟਬਾਵਰਿਆਂ ਨੂੰ, ਦਿਨ ਤੇ ਰਾਤ ਆਰਾਮ ਨਹੀਂ,
ਹਿਰਨ ਜਹੀ ਕਸਤੂਰੀ ਤੇਰੀ ਰੂਹ ਦੇ ਅੰਦਰ ਲਗਦੀ ਹੈ।

ਸਰਦ ਸਮੁੰਦਰ ਇੱਕੋ ਛਾਲ 'ਚ ਪਾਰ ਕਰਾਂ ਜੇ ਚਾਹੇਂ ਤੇ,
ਅਗਨ ਅੰਗੀਠੀ ਹਰ ਪਲ ਅੰਦਰ, ਤੇਰੇ ਕਾਰਨ ਮਘਦੀ ਹੈ।

ਇਹ ਤੇਰਾ ਧੰਨਵਾਦ, ਤਪਾਇਆ, ਤਰਲ ਬਣਾਇਆ ਲੋਹੇ ਨੂੰ,
ਅਗਨ ਕੁਠਾਲੀ ਦੇ ਵਿੱਚ ਮੇਰੀ ਕੁੰਦਨ ਹਸਤੀ ਦਗਦੀ ਹੈ।

127