ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/126

ਇਹ ਸਫ਼ਾ ਪ੍ਰਮਾਣਿਤ ਹੈ

ਦਿਲ ਤੇ ਭਾਰ ਬੜਾ ਹੈ ਭਾਵੇਂ, ਅੱਥਰੂ ਬਣ ਕੇ ਵਹਿ ਨਹੀਂ ਸਕਦਾ।
ਵਗਦੀ ਪੌਣ ਮੇਰਾ ਸਿਰਨਾਵਾਂ, ਇੱਕੋ ਥਾਂ ਤੇ ਬਹਿ ਨਹੀਂ ਸਕਦਾ।

ਮੰਨਿਆ ਤੂੰ ਧਨਵਾਨ ਬੜਾ ਹੈਂ, ਬਲਵੰਤਾ ਸੁਲਤਾਨ ਵੀ ਸੁਣਿਐਂ,
ਅਗਨ ਕੁਠਾਲੀ ਮੈਂ ਵੀ ਢਲਿਆਂ, ਏਨਾ ਸੌਖਾ ਢਹਿ ਨਹੀਂ ਸਕਦਾ।

ਗਲੇ ਲਗਾਉਣਾ, ਨਾ ਟਕਰਾਉਣਾ, ਮੇਰੇ ਇਸ਼ਟ ਸਿਖਾਇਆ ਮੈਨੂੰ,
ਤੇਰੇ ਤੋਂ ਕੀ ਪਰਦਾ ਜਿੰਦੇ, ਕਿਸੇ ਨਾਲ ਵੀ ਖਹਿ ਨਹੀਂ ਸਕਦਾ।

ਸਾਹਾਂ ਦੀ ਗਲਵੱਕੜੀ ਕੱਸ ਕੇ, ਮੇਰੀ ਸੁਣ ਤੇ ਆਪਣੀ ਦੱਸ ਲੈ,
ਵਿਚ ਵਿਚਾਲੇ ਹੋਰ ਦਾ ਚਿਹਰਾ, ਸੱਚ ਜਾਣੀਂ ਮੈਂ ਸਹਿ ਨਹੀਂ ਸਕਦਾ।

ਬਿਨ ਮਿਲਿਆਂ ਤੋਂ ਹੋਵਣ ਮੇਲੇ, ਜੇਕਰ ਤੇਰੀ ਰਹਿਮਤ ਹੋਵੇ,
ਬੋਲਣ ਦੀ ਫਿਰ ਲੋੜ ਰਹੇ ਨਾ, ਅੱਗੇ ਕੁਝ ਮੈਂ ਕਹਿ ਨਹੀਂ ਸਕਦਾ।

ਸਿਖ਼ਰ ਹਿਮਾਲਾ ਪਰਬਤ ਚੋਟੀ, ਇਸ ਤੋਂ ਅੱਗੇ ਜਾਣਾ ਚਾਹਾਂ,
ਤੇਰੇ ਕਦਮਾਂ ਵਿੱਚ ਮੁੜ ਆਵਾਂ, ਇੱਕ ਦਮ ਥੱਲੇ ਲਹਿ ਨਹੀਂ ਸਕਦਾ।

ਸੀਰਤ, ਸੂਰਤ ਸੋਹਣੀ ਅੱਗੇ, ਸ਼ਬਦ ਹਾਰ ਗਏ ਵੇਖ ਜ਼ਰਾ ਤੂੰ,
ਇੱਕੋ ਟਾਹਣੀ ਫੁੱਲ ਖੁਸ਼ਬੋਈ, ਮਾਨਣ ਤੋਂ ਮੈਂ ਰਹਿ ਨਹੀਂ ਸਕਦਾ।

126