ਇਹ ਸਫ਼ਾ ਪ੍ਰਮਾਣਿਤ ਹੈ
ਮਨ ਦੀ ਬਸਤੀ ਵੇਖਣ ਨੂੰ ਤਾਂ, ਉੱਸਰੀ ਹੈ, ਆਬਾਦ ਨਹੀਂ।
ਏਸੇ ਕਰਕੇ ਇਨਕਲਾਬ ਵੀ, ਓਨਾ ਜ਼ਿੰਦਾਬਾਦ ਨਹੀਂ।
ਬਾਗਾਂ ਵਾਲੇ ਬਾਗਬਾਨ ਸਭ, ਠੇਕੇਦਾਰ ਬਣਾ ਸੱਟੇ,
ਬਿਰਖ ਬਰੂਟੇ ਉੱਜੜ ਚੱਲੇ, ਮਾਲੀ ਨੂੰ ਕੁਝ ਯਾਦ ਨਹੀਂ।
ਵਤਨ ਮੇਰੇ ਵਿੱਚ ਧੀਆਂ ਪੁੱਤਰ, ਇੱਕ ਵੀ ਰਹਿਣਾ ਚਾਹੁੰਦਾ ਨਹੀਂ,
ਸੋਨ ਚਿੜੀ ਨੂੰ ਕਿਹੜਾ ਕਹਿੰਦੈ, ਹੋਈ ਇਹ ਬਰਬਾਦ ਨਹੀਂ।
ਸਾਡੇ ਪਿੰਡ ਦਾ ਗੁੜ ਤੇ ਸ਼ੱਕਰ ਜਦ ਤੋਂ ਮੰਡੀ ਆ ਬੈਠੇ,
ਅਪਣਾ ਮੰਨ ਕੇ ਖਾ ਲੈਂਦਾਂ, ਪਰ ਪਹਿਲਾਂ ਵਾਂਗ ਸਵਾਦ ਨਹੀਂ।
ਤਨ ਤੇ ਮਨ ਨੂੰ ਕਿੰਨੀ ਵਾਰੀ ਢਾਲ ਕੁਠਾਲੀ ਪਾਇਆ ਹੈ,
ਮੇਰਾ ਨਿਸ਼ਚਾ ਐਵੇਂ ਕਿਧਰੇ, ਬਣਿਆ ਤਾਂ ਫ਼ੌਲਾਦ ਨਹੀਂ।
ਸੂਰਮਿਆਂ ਦੇ ਵਾਰਿਸ ਲੱਖਾਂ, ਟੋਡੀ ਲੁਕਦੇ ਫਿਰਦੇ ਨੇ,
ਕਿੰਜ ਕਹਿੰਦੇ ਹੋ ਭਗਤ ਸਰਾਭੇ ਊਧਮ ਘਰ ਔਲਾਦ ਨਹੀਂ।
ਹੇ ਗੁਰ ਮੇਰੇ, ਰਾਗ ਰਤਨ ਦੀ ਸੋਝੀ ਸਾਥੋਂ ਗੁੰਮ ਚੱਲੀ,
ਰਸਨਾ ਗਾਵੇ, ਰਸ ਨਾ ਆਵੇ, ਮਨ ਮੰਦਰ ਵਿਸਮਾਦ ਨਹੀਂ।
122