ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/12

ਇਹ ਸਫ਼ਾ ਪ੍ਰਮਾਣਿਤ ਹੈ

ਸੁਣ ਲਓ ਜੀ ਕੰਨ ਖੋਲ੍ਹ ਕੇ ਸੁਣ ਲਉ, ਪੱਥਰ-ਦਿਲ ਤੇ ਭਾਰ ਨਹੀਂ ਹੁੰਦਾ ।
ਅਸਲੀ ਸੂਰਤ ਹੀ ਦਿਖਲਾਵੇ, ਸ਼ੀਸ਼ਾ ਕਦੇ ਗੱਦਾਰ ਨਹੀਂ ਹੁੰਦਾ ।

ਸਾਡੇ ਵਿੱਚ ਹੈ ਵੜਿਆ ਬੈਠਾ, ਹੁਕਮਰਾਨ ਦੇ ਰੂਪ 'ਚ ਰਾਵਣ,
ਤੀਰ ਕਮਾਨ ਚਲਾਈਏ ਕਿੱਥੇ, ਅੰਦਰੋਂ ਦੁਸ਼ਮਣ ਮਾਰ ਨਹੀਂ ਹੁੰਦਾ ।

ਆਪਣੇ ਘੋੜੇ ਉਲਟ ਦਿਸ਼ਾ ਵੱਲ, ਫਿਰੇ ਭਜਾਈ, ਹਾਲ ਦੁਹਾਈ,
ਹੋਰ ਤੇ ਕੁਝ ਵੀ ਹੋ ਸਕਦਾ ਹੈ, ਫ਼ੌਜਾਂ ਦਾ ਸਰਦਾਰ ਨਹੀਂ ਹੁੰਦਾ ।

ਨਾ ਬੋਲਾਂ ਤੇ ਦਮ ਘੁਟਦਾ ਹੈ, ਬੋਲਣ ਤੇ ਇਤਰਾਜ਼ ਹੈ ਤੈਨੂੰ,
ਜੀਂਦੇ ਜੀਅ ਤਾਂ ਰੂਹ ਦਾ ਪੰਛੀ, ਆਪਣੇ ਹੱਥੋਂ ਮਾਰ ਨਹੀਂ ਹੁੰਦਾ ।

ਤੇਰੇ ਆਲ ਦੁਆਲੇ ਝੁਰਮਟ, ਇੱਲਾਂ ਗਿਰਝਾਂ ਕਾਵਾਂ ਦਾ ਹੈ,
ਵੱਸਦੇ ਘਰ ਵਿੱਚ ਏਸ ਤਰ੍ਹਾਂ ਦਾ, ਬਿਲਕੁਲ ਹੀ ਪਰਿਵਾਰ ਨਹੀਂ ਹੁੰਦਾ ।

ਸ਼ਾਂਤ ਸਮੁੰਦਰ ਥੱਲੇ ਜੋ ਕੁਝ ਵਰਤ ਰਿਹਾ ਹੈ ਉਸਨੂੰ ਸਮਝੋ,
ਚੁੱਪ ਦੀ ਅੰਤਰ ਪੀੜ ਸੁਣੇ ਬਿਨ, ਚੜ੍ਹਿਆ ਕਰਜ਼ ਉਤਾਰ ਨਹੀਂ ਹੁੰਦਾ ।

ਅੱਖਾਂ ਮੀਟ ਕਬੂਤਰ ਬੈਠੇ, ਬਿੱਲੀ ਖ਼ੂਬ ਤਿਆਰੀ ਵਿੱਚ ਹੈ,
ਮੈਂ ਤੇ ਸਿਰਫ਼ ਕਿਹਾ ਹੈ, ਜਾਗੋ! ਬੈਠਾ ਕਦੇ ਉਡਾਰ ਨਹੀਂ ਹੁੰਦਾ ।

12