ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/116

ਇਹ ਸਫ਼ਾ ਪ੍ਰਮਾਣਿਤ ਹੈ

ਸੋਚ ਦੇ ਡੂੰਘੇ ਸਮੁੰਦਰ ਤਰਦਿਆਂ ਵੀ।
ਸਿਦਕ ਨਾ ਛੱਡਾਂ ਤਸੀਹੇ ਜਰਦਿਆਂ ਵੀ।

ਬਹੁਤ ਵਾਰੀ ਤੂੰ ਮੇਰੀ ਹਮਸਫ਼ਰ ਹੋਵੇਂ,
ਤਾਰਿਆਂ ਦੇ ਨਾਲ ਗੱਲਾਂ ਕਰਦਿਆਂ ਵੀ।

ਅਗਨ ਦੀ ਗਾਥਾ ਸੁਣਾਉਣੀ ਪੈ ਗਈ ਸੀ,
ਜ਼ਿੰਦਗੀ ਤੈਨੂੰ ਮੁਹੱਬਤ ਕਰਦਿਆਂ ਵੀ।

ਬਹੁਤ ਵਾਰੀ ਝੂਠ ਸ਼ੀਸ਼ਾ ਬੋਲਦਾ ਹੈ,
ਮੰਨਦਾ ਨਾ ਮਨ ਕਦੇ ਇਹ ਡਰਦਿਆਂ ਵੀ।

ਮਨ ਮੇਰਾ ਤੰਦੂਰ ਵਾਂਗੂੰ ਭਖ਼ ਰਿਹਾ ਹੈ,
ਨਾਲ ਤੇਰੇ ਸ਼ਾਂਤ ਗੱਲਾਂ ਕਰਦਿਆਂ ਵੀ।

ਤੂੰ ਰਲੇਂ ਮਿਰਗਾਵਲੀ ਵਿੱਚ ਫੇਰ ਸਮਝੀਂ,
ਜ਼ਿੰਦਗੀ ਕਿੰਨੀ ਪਿਆਰੀ ਮਰਦਿਆਂ ਵੀ।

ਸ਼ਬਦ ਨਾ ਗੁਲਨਾਰ ਬਣਦੇ ਵੇਦਨਾ ਜੇ,
ਬੀਤ ਜਾਂਦੀ ਉਮਰ ਹਾਉਕੇ ਭਰਦਿਆਂ ਵੀ।

ਵਹਿ ਰਹੀ ਰਾਵੀ ਬਿਨਾ ਪਾਣੀ ਤੋਂ ਏਥੇ,
ਸਮਝ ਕਿਉਂ ਆਵੇ ਨਾ ਤੈਨੂੰ ਤਰਦਿਆਂ ਵੀ।

ਤੂੰ ਮੇਰੇ ਸੁਰਤਾਲ ਵਿੱਚ ਕਿਉਂ ਖਲਲ ਪਾਵੇਂ,
ਜ਼ਿੰਦਗੀ ਵਿੱਚ ਰੰਗ ਸੂਹੇ ਭਰਦਿਆਂ ਵੀ।

116