ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/114

ਇਹ ਸਫ਼ਾ ਪ੍ਰਮਾਣਿਤ ਹੈ

ਸ਼ਹਿਰ ਖਾਮੋਸ਼ ਦੇ ਬੂਹੇ ਬੰਦ ਨੇ, ਮੂੰਹ ਵਿਚ ਜਿਵੇਂ ਜ਼ਬਾਨ ਨਹੀਂ ਹੈ।
ਇੰਜ ਕਿਉਂ ਲੱਗਦੈ, ਏਸ ਨਗਰ ਦੇ ਬਿਰਖ਼ਾਂ ਵਿੱਚ ਵੀ ਜਾਨ ਨਹੀਂ ਹੈ।

ਪੈਰ ਪੈਰ ਤੇ ਬਹੁਤ ਖ਼ੁਦਾ ਨੇ, ਪੱਥਰਾਂ ਵਾਲੀ ਜੂਨ ਪਏ ਜੋ,
ਬੜੀਆਂ ਭੀੜਾਂ ਚਾਰ ਚੁਫ਼ੇਰੇ, ਇੱਕ ਵੀ ਤਾਂ ਇਨਸਾਨ ਨਹੀਂ ਹੈ।

ਬਣਿਆ ਫਿਰਦੈ ਸਿਰਜਣਹਾਰਾ, ਮੈਂ ਹੀ ਇਸ ਦੇ ਬੁੱਤ ਨੂੰ ਘੜਿਆ,
ਜਿਹੜੇ ਬੁੱਤ ਨੂੰ ਪੂਜੇ ਦੁਨੀਆਂ, ਸੱਚਮੁੱਚ ਇਹ ਭਗਵਾਨ ਨਹੀਂ ਹੈ।

ਹਿੰਦੂ ਮੁਸਲਿਮ ਸਿੱਖ ਈਸਾਈ, ਸਭ ਨੂੰ ਕੈਸੀ ਸ਼ਾਮਤ ਆਈ,
ਮੰਡੀ ਮਾਲ ਵਿਕਾਊ ਵਰਗੇ, ਥੱਲੇ ਦੀਨ ਈਮਾਨ ਨਹੀਂ ਹੈ।

ਮਨ ਦੇ ਜੰਗਲ ਰਾਤ ਪਈ ਹੈ, ਕੱਲ੍ਹਿਆਂ ਬਾਤ ਸੁਣਾਵਾਂ ਕਿਸਨੂੰ,
ਖ਼ੁਦ ਨੂੰ ਆਪ ਹੁੰਗਾਰਾ ਭਰਦਾਂ, ਪੀੜਾਂ ਸਹਿਣ ਆਸਾਨ ਨਹੀਂ ਹੈ।

ਲੰਘ ਆ, ਲੰਘ ਆ ਮਨ ਦੇ ਮੰਦਿਰ, ਰੂਹ ਦਾ ਨਾਦ ਵਜਾਈਏ ਰਲ਼ ਕੇ,
ਜੇ ਤੂੰ ਵੱਖਰਾ ਰਾਗ ਅਲਾਉਣਾ, ਮੈਨੂੰ ਇਹ ਪਰਵਾਨ ਨਹੀਂ ਹੈ।

ਮੈਂ ਤਾਂ ਜਿਸਮ ਵਿਹੂਣੀ ਖ਼ੂਸ਼ਬੂ, ਫੁੱਲਾਂ ਅੰਦਰ ਹਾਜ਼ਰ ਨਾਜ਼ਰ,
ਮਿਲ ਜਾ ਤੂੰ ਕਰ ਪੌਣ ਸਵਾਰੀ, ਏਥੇ ਕੋਈ ਦਰਬਾਨ ਨਹੀਂ ਹੈ।

114