ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/112

ਇਹ ਸਫ਼ਾ ਪ੍ਰਮਾਣਿਤ ਹੈ

ਸੁੱਕਦੇ ਸੁੱਕਦੇ ਸੁੱਕ ਚੱਲੇ ਨੇ, ਯਾਰ ਮੇਰੇ ਦਰਿਆਵਾਂ ਵਰਗੇ।
ਧਰਤੀ ਮਾਂ ਦੇ ਸਿਦਕੀ ਬੂਟੇ, ਅੰਬਰ ਤੀਕ ਸਦਾਵਾਂ ਵਰਗੇ।

ਸ਼ਬਦ ਪਵਿੱਤਰ ਵਾਕ ਜਹੇ ਤੇ, ਰੂਹ ਦੇ ਅੰਦਰੋਂ ਬਾਹਰੋਂ ਭੇਤੀ,
ਬਿਨ ਬੋਲਣ ਤੋਂ ਜਾਨਣ ਵਾਲੇ, ਬਹੁਤ ਮੁਕੱਦਸ ਥਾਵਾਂ ਵਰਗੇ।

ਮਿੱਧੇ ਮਾਰਗ ਦੇ ਨਾ ਪਾਂਧੀ, ਨਵ ਮਾਰਗ, ਨਵ ਕਿਰਨ ਜਹੇ ਨੇ,
ਸੱਜਰੇ, ਨਿਰਛਲ, ਨਿਰਕਪਟੇ ਤੇ ਪਗਡੰਡੀਆਂ ਜਹੇ ਰਾਹਵਾਂ ਵਰਗੇ।

ਜ਼ਿੰਦਗੀ ਦੇ ਉਪਰਾਮ ਪਲਾਂ ਵਿਚ, ਸਿਰ ਤੇ ਛਤਰੀ ਬਣਦੇ ਤਣਦੇ,
ਬਿਰਖ਼ ਬਰੋਟੇ ਵਰਗੀ ਖ਼ਸਲਤ, ਸਿਖ਼ਰ ਦੁਪਹਿਰੇ ਛਾਵਾਂ ਵਰਗੇ।

ਦੂਰ ਦੇਸ ਪਰਦੇਸ 'ਚ ਭਾਵੇਂ, ਤਨ ਪਰਦੇਸੀ ਪਰ ਮਨ ਦੇਸੀ,
ਡੌਲੇ ਖ਼ੁਣੀਆਂ ਰੀਝਾਂ ਵਰਗੇ, ਗੁੱਟ ਤੇ ਉੱਕਰੇ ਨਾਵਾਂ ਵਰਗੇ।

ਸੋਨੇ ਦੇ ਦੰਦ ਵਾਂਗੂੰ ਲਿਸ਼ਕਣ, ਮਨ ਦੇ ਮਹਿਰਮ ਸੂਰਜ ਰਾਣੇ,
ਫੁੱਲ ਖ਼ੁਸ਼ਬੋਈ ਤੇ ਰੰਗ ਜਿੱਥੇ, ਸੱਜਰੀ ਰੂਹ ਦੇ ਚਾਵਾਂ ਵਰਗੇ।

ਔਖ ਘੜੀ ਵਿਚ ਸਭ ਤੋਂ ਪਹਿਲਾਂ, ਆ ਕੇ ਦਰਦ ਵੰਡਾਵਣਹਾਰੇ,
ਕਿੱਧਰ ਤੁਰ ਗਏ, ਹਮਰਾਹ ਤੁਰਦੇ, ਬਾਂਹ ਵਿੱਚ ਪਈਆਂ ਬਾਹਵਾਂ ਵਰਗੇ।

112