ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/106

ਇਹ ਸਫ਼ਾ ਪ੍ਰਮਾਣਿਤ ਹੈ

ਸ਼ਯਾਮ ਘਟਾ ਚੜ੍ਹ ਆਈਆਂ ਮੁੜ ਕੇ, ਸਾਂਵਲ ਘਰ ਨੂੰ ਮੋੜ ਮੁਹਾਰਾਂ।
ਪੁੰਨੂੰ ਪੁੰਨੂੰ ਕੂਕ ਰਹੀ ਜਿੰਦ, ਮਾਰੂਥਲ ਵਿਚ 'ਵਾਜ਼ਾਂ ਮਾਰਾਂ।

ਬੱਗੀ ਪੂਣੀ ਹੋ ਚੱਲੀ ਜਿੰਦ, ਕੱਤੀ ਜਾਵਾਂ ਰੋਜ਼ ਪੂਣੀਆਂ,
ਸਾਉਣ ਮਹੀਨੇ ਕਿਣ ਮਿਣ ਕਣੀਆਂ, ਮਾਰਦੀਆਂ ਹੁੱਝਾਂ ਤੇ ਆਰਾਂ।

ਕਈ ਵਾਰੀ ਸਮਝਾਇਐ ਦਿਲ ਨੂੰ, ਐਵੇਂ ਨਾ ਤੂੰ ਡੋਲ ਜਿਆ ਕਰ,
ਜਿੱਤਾਂ ਵੇਖ ਕੇ ਹੁੱਬਿਆ ਨਾ ਫਿਰ, ਡਿੱਗਿਆ ਨਾ ਕਰ ਤੱਕ ਕੇ ਹਾਰਾਂ।

ਵਿਚ ਸੰਤਾਲੀ ਕਹਿਰ ਵਰਤਿਆ, ਸ਼ਰਮ ਧਰਮ ਸੀ ਦੋਵੇਂ ਲੁਕ ਗਏ,
ਬੰਦੇ ਬਣ ਗਏ ਵਿਸ਼ੀਅਰ ਕਾਲ਼ੇ, ਉੱਡੀਆਂ ਸੀ ਖੰਭਾਂ ਦੀਆਂ ਤਾਰਾਂ।

ਧਰਤੀ ਮਾਂ ਹਟਕੋਰੇ ਭਰਦੀ, ਪੁੱਤ ਸੂਰਮੇ ਚੇਤੇ ਕਰਕੇ,
ਵੇਖੋ ਗਿੱਦੜ ਕਰਨ ਕਲੋਲਾਂ, ਖਾਣ ਪਏ ਸ਼ੇਰਾਂ ਦੀਆਂ ਮਾਰਾਂ।

ਇੱਕੋ ਰੰਗ ਦੇ ਚੋਣ ਮਨੋਰਥ, ਇੱਕੋ ਰੰਗ ਦੇ ਮੂੰਹ 'ਤੇ ਮੱਥੇ,
ਲੀਰਾਂ ਲੱਥਿਆ ਬੰਦਾ ਪੁੱਛਦੈ, ਮੁਕਤੀ ਲਈ ਕਿਸ ਅਰਜ਼ ਗੁਜ਼ਾਰਾਂ।

ਹੇ ਇਨਸਾਫ਼ ਦੀ ਦੇਵੀ ਦੱਸ ਤੂੰ, ਅੰਨ੍ਹੀ ਹੈਂ ਜਾਂ ਗੁੰਗੀ ਬੋਲੀ,
ਤੇਰੀ ਤੱਕੜੀ ਕਾਣੀ ਅੰਦਰ, ਮੋਏ ਸਾਡੇ ਸੁਪਨ ਹਜ਼ਾਰਾਂ।

106