ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/104

ਇਹ ਸਫ਼ਾ ਪ੍ਰਮਾਣਿਤ ਹੈ

ਸ਼ਬਦ ਹਮੇਸ਼ਾਂ ਚੁੱਪ ਰਹਿੰਦੇ ਨੇ, ਜਿਸ ਵੇਲੇ ਕਿਰਦਾਰ ਬੋਲਦਾ।
ਵਕਤ ਹੁੰਗਾਰਾ ਭਰਦਾ ਆਪੇ, ਸੁਣ ਕੇ ਮਹਿਰਮ ਯਾਰ ਬੋਲਦਾ।

ਧਰਤ, ਆਕਾਸ਼, ਪਾਤਾਲ ਤੇ ਚੌਥਾ ਕੁੱਲ ਸ਼੍ਰਿਸ਼ਟੀ ਰੌਣਕ-ਮੇਲਾ,
ਸਗਲ ਬਨਸਪਤਿ ਗਾਉਂਦੀ ਜਾਪੇ, ਜਦ ਤੂੰ ਅੰਦਰਵਾਰ ਬੋਲਦਾ।

ਟੁੱਟਵੀਂ ਬਾਤ, ਭੁਲਾਵੇਂ ਅੱਖਰ, ਖਿੱਲਰੇ ਪੁੱਲਰੇ ਮਨ ਦੇ ਵਰਕੇ,
ਇੱਕ ਸੁਰ ਹੋ ਕੇ ਤੁਰ ਪੈਂਦੇ ਨੇ, ਜਦ ਵੀ ਸੂਤਰਧਾਰ ਬੋਲਦਾ।

ਹੇ ਮਨ ਮੇਰੇ, ਵੇਖੀਂ ਕਿਧਰੇ, ਡੋਲੀਂ ਭਟਕੀਂ ਬਿਲਕੁਲ ਨਾ ਤੂੰ,
ਇਸ ਨੂੰ ਬਿਲਕੁਲ ਸੱਚ ਨਾ ਮੰਨੀਂ, ਜੋ ਬੋਲੀ ਅਖ਼ਬਾਰ ਬੋਲਦਾ।

ਨਾ ਲੱਤਾਂ ਨਾ ਬਾਹਾਂ ਸਾਬਤ, ਸੀਸ ਵਿਹੂਣਾ ਇਹ ਬੁੱਤ ਜਿਸਦਾ,
ਕਿਸ ਮੂੰਹ ਨਾਲ ਭਲਾ ਮੈਂ ਇਸ ਦੀ, ਦੱਸ ਤੂੰ ਜੈ ਜੈ ਕਾਰ ਬੋਲਦਾ।

ਲੋਕ ਹਮੇਸ਼ਾਂ ਉਸ ਚਿਹਰੇ ਨੂੰ, ਅਪਣੇ ਵਿਚੋਂ ਖ਼ਾਰਜ ਕਰਦੇ,
ਕੁਰਸੀਧਾਰੀ ਅੰਨ੍ਹਾ ਬੋਲਾ, ਜਿਹੜਾ ਬਣ ਸਰਕਾਰ ਬੋਲਦਾ।

ਮਿੱਠੜੀ ਮਾਤ-ਜ਼ਬਾਨ ਭਰਾਵਾ, ਛੱਡੀਂ ਨਾ ਗੁਰਭਜਨ ਸਿਹਾਂ ਤੂੰ,
ਇਹਦੇ ਕਰਕੇ ਆਪਾਂ ਕਹੀਏ, ਅਹੁ ਸਾਡਾ ਸਰਦਾਰ ਬੋਲਦਾ।

104