ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/102

ਇਹ ਸਫ਼ਾ ਪ੍ਰਮਾਣਿਤ ਹੈ

ਸਬਰ ਸਿਦਕ ਸੰਤੋਖ ਸਮਰਪਣ, ਸੁਹਜ ਸਲੀਕਾ ਸ਼ਾਮਿਲ ਕਰ ਦੇ।
ਮਹਿੰਗੇ ਮੁੱਲ ਦੇ ਮਾਣਕ-ਮੋਤੀ, ਭਰ ਭਰ ਮੁੱਠੀਆਂ ਝੋਲੀ ਭਰ ਦੇ।

ਬਹੁਤ ਦਿਨਾਂ ਤੋਂ ਗੱਲ ਨਹੀਂ ਹੋਈ, ਨਬਜ਼ ਖਲੋਤੀ ਹੋਵੇ ਜੀਕਣ,
ਮਿੱਟੀ ਦਾ ਬੁੱਤ ਬੋਲਣ ਲਾ ਦੇ, ਮਾਰ ਆਵਾਜ਼ ਜਿਉਂਦਾ ਕਰ ਦੇ।

ਨਾਭੀ ਵਿਚ ਕਸਤੂਰੀ ਲੈ ਕੇ ਮਿਰਗਣੀਏਂ ਕੀਹ ਲੱਭਦੀ ਫਿਰਦੀ,
ਜੰਗਲ ਵਿਚ ਹਿਰਨੋਟੇ ਵੇਖੇ, ਮਰ ਜਾਂਦੇ ਇੰਜ ਚੁੰਗੀਆਂ ਭਰਦੇ।

ਪੱਤਣ ਦੀ ਬੇੜੀ ਨੂੰ ਜੰਦਰੇ, ਮਾਰ ਮਲਾਹ ਨੇ ਕਿੱਧਰ ਤੁਰ ਗਏ,
ਦਿਲ ਦਰਿਆ ਨੂੰ ਪਾਰ ਕਰਦਿਆਂ, ਡੁੱਬਦੇ ਨਾ, ਫਿਰ ਦੱਸ ਕੀ ਕਰਦੇ?

ਖੁਸ਼ਬੂ ਤਾਂ ਮੁਹਤਾਜ਼ ਨਹੀਂ ਹੈ, ਉਮਰ, ਜਿਸਮ ਤੇ ਫ਼ਾਸਲਿਆਂ ਦੀ,
ਰੂਹ ਤੋਂ ਰੂਹ ਵਿਚਕਾਰ ਭਲਾ ਦੱਸ, ਹੁੰਦੇ ਨੇ ਫਿਰ ਕਾਹਦੇ ਪਰਦੇ।

ਪਾਕ ਪਵਿੱਤਰ ਰਿਸ਼ਤਿਆਂ ਅੰਦਰ, ਕਸਮਾਂ ਵਾਅਦੇ ਬੇਅਰਥੇ ਨੇ,
ਸਰਬ ਸਮੇਂ ਦੀ ਕਰਨ ਸਵਾਰੀ, ਜਿਹੜੇ ਸੀਸ ਤਲੀ ਤੇ ਧਰਦੇ।

ਇਸ ਹਿੱਕੜੀ ਵਿਚ ਖ਼ਬਰੇ ਕੀ ਹੈ, ਬੰਦ ਪੁੜੀ ਨੂੰ ਕਿਹੜਾ ਖੋਲ੍ਹੇ,
ਕੀ ਕੁਝ ਵਕਤ ਲੁਕਾਈ ਬੈਠਾ, ਰਹੀਏ ਇਸ ਦੀ ਚੁੱਪ ਤੋਂ ਡਰਦੇ।

102