ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/101

ਇਹ ਸਫ਼ਾ ਪ੍ਰਮਾਣਿਤ ਹੈ

ਛੱਡ ਦੇ ਆਲਸ ਭਰਾਵਾ, ਵਕਤ ਨਹੀਂ ਕਰਨਾ ਖ਼ਰਾਬ।
ਪਰਤ ਜਾਵੇ ਨਾ ਦੁਬਾਰਾ, ਬੂਹੇ ਆਇਆ ਇਨਕਲਾਬ।

ਸ਼ਬਦ ਨੂੰ ਕਹਿ ਦੇ ਕਿ ਤੂੰ ਨਿਰਜਿੰਦ ਨਹੀਂ, ਹਥਿਆਰ ਹੈਂ,
ਸੁਣ ਲਵੀਂ, ਉੱਤਰ ਮਿਲੇਗਾ, ਫੇਰ ਤੈਨੂੰ ਲਾਜਵਾਬ।

ਲਾ ਲਿਆ ਡੇਰਾ ਕਿਵੇਂ ਬਰਬਾਦੀਆਂ ਨੇ ਇਸ ਨਗਰ,
ਰੰਗ ਕਾਲਾ ਪੈ ਗਿਆ ਹੈ, ਸੁਰਖ਼ ਸੂਹਾ ਸੀ ਗੁਲਾਬ!

ਸੱਚ ਕੀ ਬੇਲਾ ਸੁਣਾ ਦੇ, ਸੋਚ ਤੇ 'ਨ੍ਹੇਰਾ ਲੰਗਾਰ,
ਘੁੰਡ ਦਾ ਕੀ ਕੰਮ ਏਥੇ, ਰੂਹ ਨੂੰ ਕਰ ਲੈ ਬੇਨਕਾਬ!

ਲੋਕ ਸ਼ਕਤੀ ਨਾ ਨਿਗੁਣੀ, ਨਾ ਵਿਕਾਉ, ਸਮਝ ਲਉ,
ਰਾਹ ਦਿਸੇਰੇ ਗ਼ੈਰ ਹਾਜ਼ਰ, ਭਟਕਦੇ ਫਿਰਦੇ ਜਨਾਬ!

ਕੁੱਲੀਆਂ ਤੇ ਚਾਰਿਆਂ ਨੂੰ, ਅੱਜ ਵੀ ਤੇਰੀ ਉਡੀਕ,
ਤਾਂਘਦੇ ਨੈਣਾਂ 'ਤੇ ਵੇਖੀਂ, ਜੋਤ ਮੁਘਦੀ ਬੇਹਿਸਾਬ!

ਏਸ ਵਿੱਚ ਸ਼ਾਮਿਲ ਹਾਂ ਮੈਂ ਵੀ, ਤੇਰੇ ਵਾਂਗੂੰ ਆਲਸੀ,
ਗੰਦੀਆਂ ਮੱਛੀਆਂ ਜੇ ਭਰਿਆ, ਨਿਰਮਲੇ ਜਲ ਦਾ ਤਲਾਬ!

101