ਪੰਨਾ:ਸੁਨਹਿਰੀ ਕਲੀਆਂ.pdf/50

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੦ )

ਮਾਂ ਦਾ ਦਿਲ

ਮਾਂ ਛਾਂ-ਜ਼ਿੰਦਗੀ ਦੇ ਨਿਕੜੇ ਜਹੇ ਦਿਲ ਵਿਚ,
ਸੋਮਾਂ ਉਹ ਮੁਹੱਬਤਾਂ ਦਾ ਰੱਬ ਨੇ ਪਸਾਰਿਆ !
ਅੱਜ ਤੀਕਨ ਏਸ ਦਾ ਥਾਹ ਕਿਸੇ ਨਹੀਂ ਪਾਯਾ,
ਮਾਰ ਮਾਰ ਟੁੱਭੀਆਂ ਹੈ ਜੱਗ ਸਾਰਾ ਹਾਰਿਆ !
ਵੱਡੇ ਵੱਡੇ ਸ਼ਾਇਰਾਂ ਲਿਖਾਰੀਆਂ ਨੇ ਜ਼ੋਰ ਲਾ ਕੇ,
ਮਾਂ ਦੇ ਪਿਆਰ ਵਾਲਾ ਫੋਟੋ ਹੈ ਉਤਰਿਆ !
ਮੈਂ ਭੀ ਤਸਵੀਰ ਇੱਕ ਨਿੱਕੀ ਜੇਹੀ ਵਿਖਾਲਦਾ ਹਾਂ,
ਸ਼ਾਇਰੀ ਦੇ ਰੰਗ ਨਾਲ ਜਿਹਨੂੰ ਮੈਂ ਸਵਾਰਿਆ !
ਸਹਿਕ ਸਹਿਕ ਪੁੱਤ ਲੱਭਾ ਇੱਕ ਮਾਤਾ ਤੱਤੜੀ ਨੂੰ,
ਲੱਖ ਲੱਖ ਸ਼ੁਕਰ ਓਹਨੇ ਰੱਬ ਦਾ ਗੁਜ਼ਾਰਿਆ !
ਹੁੰਦੇ ਤਾਨ ਪੁੱਤ ਨੂੰ ਨਾ ਵਾ ਤੱਤੀ ਪੋਹਨ ਦਿੱਤੀ,
ਦੁੱਖ ਝੱਲੇ ਉਹਦੇ, ਹਿੱਕ ਆਪਣੀ ਨੂੰ ਠਾਰਿਆ !
ਦਿਨਾਂ ਦੇ ਮਹੀਨੇ ਤੇ ਮਹੀਨਿਆਂ ਦੇ ਵਰ੍ਹੇ ਹੋਏ,
ਬੈਠਾ ਫੇਰ ਰਿੜ੍ਹਿਆ, ਤੁਰਾਇਆ ਤੇ ਖਲ੍ਹਾਰਿਆ !
ਦੇ ਦੇ ਵਾਰ ਲੋਰੀਆਂ ਮੁਹੱਬਤਾਂ ਅਸੀਸਾਂ ਵਾਲੇ,
ਮਾਂ ਨੇ ਮੁਨਾਰਾ ਖ਼ੁਸ਼ੀ-ਆਸ ਦਾ ਉਸਾਰਿਆ !
ਫੁੱਟ ਪਈ ਅੰਗੂਰੀ ਕੱਕੀ ਗੋਰੇ ਗੋਰੇ ਮੁਖੜੇ ਤੇ,
ਫੁੱਲ ਵਾਂਗੂੰ ਆਣਕੇ ਜਵਾਨੀ ਨੇ ਸ਼ਿੰਗਾਰਿਆ !