ਪੰਨਾ:ਸੁਨਹਿਰੀ ਕਲੀਆਂ.pdf/319

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੯੭

ਧੀ ਦੀ ਕਬਰ ਉੱਤੇ ਮਾਂ

ਉੱਠ ਉੱਠ ਧੀਏ ਕੁਰਬਾਨ ਤੇਰੀ ਨੀਂਦ ਉੱਤੋਂ
ਤੇਰੇ ਕੋਲ ਆਈ ਅੱਜ ਅੰਬੜੀ ਪਿਆਰੀ ਤੇਰੀ!
ਗੋਡੇ ਗੋਡੇ ਦਿਨ ਉੱਤੋਂ ਚੜ੍ਹ ਆਯਾ ਵੇਖ ਤੇ ਸਹੀ,
ਅਜੇ ਤਾਈਂ ਲੱਥਦੀ ਨਹੀਂ ਸੁੱਤੀਏ ਖ਼ੁਮਾਰੀ ਤੇਰੀ?
ਗੋੱਲੀਆਂ ਦੇ ਵਾਂਗ ਤੈਨੂੰ ਅੱਜ ਪਈ ਜਗਾਵਨੀਆਂ,
ਵੇਖ ਕੇਡੀ ਭਾਂਵਦੀ ਏ ਮੈਨੂੰ ਸਰਦਾਰੀ ਤੇਰੀ!
ਖੋਲ੍ਹ ਖੋਲ੍ਹ ਅੱਖੀਆਂ ਤੂੰ ਵੇਖ ਲੈ ਸ਼੍ਹਜ਼ਾਦੀਏ ਨੀ,
ਵੇਖਦੀਏ ਰਾਹ ਤੇਰਾ ਬਹਿਣ ਵਾਲੀ ਬਾਰੀ ਤੇਰੀ!
ਜੰਦਰਾ ਤੇ ਮਾਰ ਓਹਨੂੰ ਵੇਖ ਲੈ ਨਿਸ਼ੰਗ ਚੱਲ,
ਖੁੱਲ੍ਹੀ ਪਈ ਹੋਈਏ ਨੀ ਧੀਏ ਅਲਮਾਰੀ ਤੇਰੀ!
ਸਾਂਭ ਸੂਤ ਸੋਹਣੀਏਂ ਨੀ ਗੁੱਡੀਆਂ ਪਟੋਲਿਆਂ ਨੂੰ,
ਮੇਰੇ ਤੋਂ ਨਾ ਹੋਵੇ ਕੱਠੀ ਖੇਡ ਇਹ ਖਿਲਾਰੀ ਤੇਰੀ!
ਫੁੱਲ ਵਾਂਗ ਵਿੰਨਿ੍ਹਆ ਕਰੋਸ਼ੀਏ ਨੇ ਦਿਲ ਸਾਡਾ,
ਵੇਖ ਵੇਖ ਪਿੱਟੀਏ ਨੀ ਪੱਟ ਦੀ ਪਟਾਰੀ ਤੇਰੀ!
ਜਦੋਂ ਸਈਆਂ ਤੇਰੀਆਂ ਵਿਛੋੜੇ ਵਿੱਚ ਰੋਂਦੀਆਂ ਨੇ,
ਅੱਖ ਉੱਤੇ ਪੱਟੀ ਬੰਨ੍ਹੇ ਸੂਈ ਵੀ ਵਿਚਾਰੀ ਤੇਰੀ!
ਤੈਨੂੰ ਈ ਸੁਹੰਢਣਾ ਏਹ ਹੋਵੇ ਬੱਚੀ ਦਾਜ ਤੇਰਾ,
ਸਾਨੂੰ ਤਾਂ ਇਹ ਫੱਬਦੀ ਨਹੀਂ ਗੋਟਾ ਤੇ ਕਨਾਰੀ ਤੇਰੀ!