ਪੰਨਾ:ਸੁਨਹਿਰੀ ਕਲੀਆਂ.pdf/317

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ਓ )

ਲੁਕ ਛਿਪਕੇ ਹਾਂ ਸਮਾ ਲੰਘਾਂਦੇ,
ਨਹੀਂ ਕੁਝ ਚੁਕਦੇ, ਨਹੀਂ ਚੁਰਾਂਦੇ!
ਸਗਵਾਂ ਤੈਨੂੰ ਅਤਰ ਲਗਾਈਏ,
ਖਿੜ ਖਿੜਕੇ ਖ਼ੁਸ਼ਬੂ ਰਚਾਈਏ!
ਸਾਨੂੰ ਛੋਹਕੇ ਜਿੱਧਰ ਜਾਵੇਂ,
ਓਧਰ ਹੀ ਤੂੰ ਇੱਜ਼ਤ ਪਾਵੇਂ!
ਬੇਫ਼ੈਜ਼ੇ ਕੁਝ ਫ਼ੈਜ਼ ਪਛਾਣੀਂ,
ਬੇਦਰਦੇ ਕੁਝ ਦਰਦ ਸਿਆਣੀਂ!
ਰੱਬ ਦੇ ਖੌਫ਼ੋਂ ਹਰ ਦਮ ਡਰ ਨੀ,
ਜ਼ੁਲਮ ਗ਼ਰੀਬਾਂ ਤੇ ਨਾ ਕਰ ਨੀ!
ਜਿਸ ਦਿਨ ਪਾਉਣੀ ਹਾਰ ਗ਼ਰੀਬਾਂ
ਤੈਨੂੰ ਦੇਣੀ ਹਾਰ ਨਸੀਬਾਂ !
ਹੋ ਸੁਦੈਣ , ਫਿਰੇਂਗੀ ਭੌਂਦੀ,
ਘੱਟਾ ਮਿੱਟੀ ਸਿਰ ਵਿੱਚ ਪੌਂਦੀ।
ਹਰ ਇੱਕ ਗੁਠੋਂ ਖਾ ਖਾ ਝਾੜਾਂ,
ਸਿਰ ਪਾੜੇਂਗੀ ਨਾਲ ਪਹਾੜਾਂ!
'ਸ਼ਰਫ਼' ਫੁੱਲਾਂ ਨੇ, ਹਾੜੇ ਪਾਏ:-
'ਨਾ ਕਰ ਐਡਾ ਜ਼ੁਲਮ ਹਵਾਏ!'