ਪੰਨਾ:ਸੁਨਹਿਰੀ ਕਲੀਆਂ.pdf/304

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੮੪)

ਲਗਰ ਟਿੰਗ ਨਾਂ ਦਿੱਸੇ ਕੋਈ ਦਰਦੀਆਂ ਦੀ,
ਮੌਤ ਤੋੜਿਆ ਜੇਹਾ ਤਰਾਨ ਮੇਰਾ।
ਟੁੰਡ ਮੁੰਡ ਕੋਈ ਹੁੰਦਾ ਹੈ ਰੁੱਖ ਜਿਵੇਂ,
ਏਦਾਂ ਰਹਿ ਗਿਆ ਖੜਾ ਨਿਸ਼ਾਨ ਮੇਰਾ।
ਜਾਵੇ ਜਾਨ ਨਾਂ ਸੁਖਾਂ ਦਾ ਸਾਹ ਆਵੇ,
ਮੇਰੀ ਜ਼ਿੰਦਗੀ ਮੌਤ ਦੀ ਭੈਣ ਬਣ ਗਈ।
ਫਿੱਕੀ ਜ਼ਿੰਦਗੀ ਦਰਦ ਬਿਨ ਲੱਗਦੀ ਸੀ,
ਪੀ ਪੀ ਗ਼ਮਾਂ ਦੇ ਘੁੱਟ ਨਸ਼ੈਣ ਬਣ ਗਈ।
ਹੋਰ ਕੰਮ ਦੀ ਰਹੀ ਨ ਸੜਨ ਬਾਝੋਂ,
ਉਜੜੇ ਖੂਹ ਦੀ ਨਿਰੀ ਲਟੈਣ ਬਣ ਗਈ।
ਦੀਵਾ ਅਕਲ ਦਾ ਗ਼ਮਾਂ ਨੇ ਗੁੱਲ ਕੀਤਾ,
ਲੱਗੀ ਬਕੜਵਾਹ ਕਰਨ ਸੁਦੈਣ ਬਣ ਗਈ।
ਤੋੜ ਤਾਰ ਸਰੀਰ ਦੇ ਪਿੰਜਰੇ ਦੀ,
ਲੱਗਾ ਰੂਹ ਸੀ ਉੱਡਕੇ ਜਾਨ ਮੇਰਾ।
ਮੈਨੂੰ ਪਕੜ ਖ਼ੁਦਕਸ਼ੀ ਦੇ ਜੁਰਮ ਅੰਦਰ,
ਕਰ ਦਿੱਤਾ ਏ ਪੁਲਸ ਚਲਾਨ ਮੇਰਾ।
ਅੱਗੋਂ ਹਾਕਮ ਨੇ ਏਹੋ ਨਿਆਂ ਕੀਤਾ,
ਦੋਹਾਂ ਵਰਿਹਾਂ ਦੀ ਕੈਦ ਸੁਣਾ ਦਿੱਤੀ।
ਨਾਂ ਮੈਂ ਗਈ ਬਹਿਸ਼ਤ ਨ ਰਹੀ ਦੋਜ਼ਖ,
ਮੇਰੀ ਜਾਨ ++ਐਰਾਫ਼ ਵਿਚ ਪਾ ਦਿੱਤੀ।


++ਦੋਜ਼ਖ ਤੇ ਬਹਿਸ਼ਤ ਦੇ ਵਿਚਦਾਰ ਇਕ ਥਾਂ ਹੈ।