ਪੰਨਾ:ਸੁਨਹਿਰੀ ਕਲੀਆਂ.pdf/301

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੮੧)

ਭਖੀਆਂ ਚੂਣੀਆਂ ਚਾਉ ਦੇ ਨਾਲ ਜਿਹੀਆਂ,
ਮੁੱਖ ਸੱਸ ਨਣਾਨ ਦੇ ਲਾਲ ਹੋ ਗਏ।
ਘਰ ਸਾਹੁਰੇ ਵੱਸਦੀ ਰੱਸਦੀ ਨੂੰ,
ਮੈਨੂੰ ਖ਼ੁਸ਼ੀ ਅੰਦਰ ਚਾਰ ਸਾਲ ਹੋ ਗਏ।
ਸੱਸ ਮਾਂ ਵਾਂਗੂੰ ਹੱਥੀਂ ਛਾਂ ਕਰ ਕਰ,
ਰੱਖੇ ਧੀਆਂ ਦੇ ਵਾਂਗ ਧਿਆਨ ਮੇਰਾ।
ਸਿਰੋਂ ਲਾਹ ਦੁਪੱਟੜਾ ਝਾੜਦੀ ਰਹੇ,
ਪੀੜ੍ਹਾ ਸ਼ੌਕ ਦੇ ਨਾਲ ਨਿਣਾਣ ਮੇਰਾ।
ਹੁਣ ਵੀ ਅੱਖੀਆਂ ਮੀਟਕੇ ਪਈ ਵੇਖਾਂ,
ਨਕਸ਼ਾ 'ਕੰਤ-ਪ੍ਰੇਮ' ਦੇ ਖ਼ਵਾਬ ਦਾ ਮੈਂ।
ਹਰਦਮ ਵੇਖਦਾ ਰਹਿੰਦਾ ਸੀ ਮੁੱਖ ਮੇਰਾ,
ਓਹਦੇ ਲਈ ਸਾਂ ਸਫ਼ਾ ਕਿਤਾਬ ਦਾ ਮੈਂ।
ਘੁੰਡੀ ਗਲਮੇ ਦੀ ਵਾਂਗ ਅੱਜ ਖੋਲ੍ਹ ਦੱਸਾਂ,
ਨੁਕਤਾ ਪਿਆਰ ਦੇ ਗੁੱਝੇ ਹਿਸਾਬ ਦਾ ਮੈਂ।
ਹੈਸੀ ਬੂੰਦ ਤ੍ਰੇਲ ਦੀ ਮੇਰੇ ਲਈ ਓਹ,
ਓਹਦੇ ਲਈ ਸਾਂ ਫੁੱਲ ਗੁਲਾਬ ਦਾ ਮੈਂ।
ਨਹੀਂ ਸਾਂ ਜਾਣਦੀ ਦੁੱਖਾਂ ਦਾ ਨਾਂ ਬੀ ਮੈਂ,
ਬਣਿਆ ਹੋਯਾ ਸੀ ਸੁਰਗ ਮਕਾਨ ਮੇਰਾ।
ਜੋ ਕੁਝ ਬੱਤੀਆਂ ਦੰਦਾਂ 'ਚੋਂ ਆਖਦੀ ਸਾਂ,
ਸੋਈ ਹੁੰਦਾ ਸੀ ਬੋਲ ਪ੍ਰਵਾਨ ਮੇਰਾ।
ਅੱਚਨਚੇਤ ਨਸੀਬਾਂ ਨੇ ਹਾਰ ਦਿੱਤੀ,
ਬਾਜ਼ੀ ਸੁੱਖਾਂ ਦੀ ਦੁੱਖਾਂ ਦੇ ਹੱਥ ਗਈ।