ਪੰਨਾ:ਸੁਨਹਿਰੀ ਕਲੀਆਂ.pdf/298

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੭੮)


ਧੋਖੇਬਾਜ਼ ਨਾਂ ਕਰਨ ਇਕਰਾਰ ਪੂਰੇ,
ਕੀਤੇ ਸਖ਼ਨ ਤੋਂ ਮਰਦ ਨਾਂ ਉੱਕਦੇ ਨੇ।
ਉਮਰ ਖ਼ਿਜ਼ਰ ਦੀ ਹੋਵੇ, ਸਮੁੰਦ੍ਰ ਤਾਂ ਵੀ,
ਝੱਟੇ ਜਾਂਵਦੇ ਨਾਲ ਨਾਂ ਬੁਕ ਦੇ ਨੇ।
ਕਿੱਲ ਵਾਂਗਰਾਂ ਸੀਨੇ 'ਚ ਖੁਭ ਜਾਂਦੇ,
ਬੋਲ, ਸ਼ੇਅਰ ਹੁੰਦੇ ਜਿਹੜੇ ਠੁੱਕ ਦੇ ਨੇ।
ਸੱਤ ਸੱਤ ਪੜਦੇ ਭਾਵੇਂ ਪਾਉਣ ਅੱਖਾਂ,
ਹੰਝੂ ਦਰਦ ਦੇ ਕਦੇ ਨਾਂ ਲੁੱਕ ਦੇ ਨੇ।
ਜਦੋਂ ਬੂਹੇ ਤਕਦੀਰ ਦੇ ਖੁੱਲ੍ਹ ਜਾਂਦੇ,
ਓਦੋਂ ਢੋ ਸੁਲੱਖਣੇ ਢੁੱਕਦੇ ਨੇ ।
ਚੂਹਿਆਂ ਕੋਲੋਂ ਨਾਂ ਲੋਹੇ ਦਾ ਕੁਝ ਵਿਗੜੇ,
ਐਵੇਂ ਬੁੱਲ੍ਹੀਆਂ ਵੱਢਦੇ ਟੁੱਕਦੇ ਨੇ।
ਦੌਲਤ, ਦੰਮ ਤਾਂ ਖ਼ਰਚਿਆਂ ਘਟਣ ਦੋਵੇਂ,
ਇਲਮ, ਅਕਲ ਨਾਂ ਵਰਤਿਆਂ ਮੁੱਕਦੇ ਨੇ।
ਬੁੱਝੇ ਅੱਗ ਨਾਂ ਮੀਹ ਵਿਚ ਪੱਥਰਾਂ ਦੀ,
ਲੋ ਨਾਲ ਸਮੁੰਦਰ ਨਾਂ ਸੁੱਕਦੇ ਨੇ।
ਮੂਰਖ ਆਪਣਾ ਮੂੰਹ ਲਬੇੜ ਲੈਂਦੇ,
'ਸ਼ਰਫ਼' ਚੰਨ ਵੱਲੇ ਜਿਹੜੇ ਥੱਕਦੇ ਨੇ ।