ਪੰਨਾ:ਸੁਨਹਿਰੀ ਕਲੀਆਂ.pdf/295

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭੫ )

ਛੇੜ ਛੇੜ ਲੰਘ ਜਾਵੇ ਜ਼ੁਲਫ਼ਾਂ ਨੂੰ ਮੁਖੜੇ ਤੇ,
ਠੇਡੇ ਮਾਰ ਮਾਰ ਕੇ ਜਗਾਵੇ ਪਿਆ ਡੇਰ ਦਾ।
ਨਿੱਛਾਂ ਤੈਨੂੰ ਭੋਲਿਆ ਓ ਐਵੇਂ ਪਈਆਂ ਆਉਂਦੀਆਂ ਨਹੀਂ,
ਬਾਗ਼ੇ ਤੇਰੀ ਯਾਦ ਵਿੱਚ ਫੁੱਲ ਹੈ ਕਨੇਰ ਦਾ।
ਨੂਰ ਦੇ ਸਰੂਰ ਵਿੱਚ ਗੁੱਟ ਹੋਕੇ ਏਸ ਵੇਲੇ,
ਪੱਤਾ ਪੱਤਾ ਪੱਛ ਦਿਤਾ ਕੰਡਿਆਂ ਨੇ ਬੇਰ ਦਾ।
ਭੁੱਬਾਂ ਮਾਰ ਮਾਰ ਕੇ ਕੰਬਾ ਦਿੱਤੀ ਜੂਹ ਸਾਰੀ,
ਬੱਲੇ ਬੱਲੇ ਬੇਲੇ ਵਿੱਚ ਜਾਗਣਾ ਇਹ ਸ਼ੇਰ ਦਾ।
ਕਾਵਾਂ ਤੇ ਕਬੂਤਰਾਂ ਦੀ ਮੈਂ ਮੈਂ ਤੇ ਤੂੰ ਤੂੰ ਨੇ,
ਜੱਗ ਵਿਚ ਪਾ ਦਿੱਤਾ ਰੌਲਾ ਤੇਰ ਮੇਰ ਦਾ।
ਸ਼ਾਮ ਦਾ ਗੁਆਚਾ ਹੋਇਆ ਖਿੱਧੋ ਵੀ ਹੈ ਲੱਭ ਪਿਆ,
ਅੰਬਰਾਂ ਦੇ ਵਿੱਚ ਪਿਆ ਨੂਰੀ ਕਿਰਨਾਂ ਕੇਰਦਾ।
ਮਾਰ ਮਾਰ ਬਰਛੀਆਂ ਹਨੇਰੇ ਨੂੰ ਚੁਫੇਰਿਓਂ ਈ,
ਖੂਹਾਂ ਖੱਡਾਂ ਮੋਰੀਆਂ ਦੇ ਵਿਚ ਆਇਆ ਘੇਰਦਾ।
ਪਿੰਜ ਪਿੰਜ ਰੂੰ ਵਾਂਗੂੰ ਕੱਢ ਦਿੱਤਾ ਧੂੰ ਵਾਂਗੂੰ,
ਫਿਰ ਗਿਆ ਪਲੂ ਸਾਰੇ ਜੱਗ ਤੇ ਦਲੇਰ ਦਾ ।
ਫੁੱਲਾਂ ਸਿਰ ਛਤਰ ਝੁਲਾਕੇ ਜ਼ਰੀ ਬਾਦਲੇ ਦਾ,
ਮੂੰਹ ਫੇਰ ਦੱਸਿਆ ਫੁਲੇਰੇ ਦੀ ਚੰਗੇਰ ਦਾ।
ਉੜ ਉੜ ਮੋਤੀ ਸੁੱਚੇ ਚੁਗ ਲੈ ਤ੍ਰੇਲ ਵਾਲੇ,
ਸੋਨੇ ਦੀਆਂ ਸੂਈਆਂ ਨੂੰ ਹੈ ਅੰਬਰੋਂ ਉਲੇਰਦਾ।
ਜੋਗੀਆਂ ਦੇ ਲੀੜੇ ਤੇ ਮੁਹਾਂਦਰਾ ਹੈ ਦਾਨੀਆਂ ਦਾ,
ਸੂਰਜ ਦਿਉਤਾ ਆ ਗਿਆ ਹੈ ਰੱਬੀ ਮਾਲਾ ਫੇਰਦਾ।