ਪੰਨਾ:ਸੁਨਹਿਰੀ ਕਲੀਆਂ.pdf/287

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੬੭)

ਫਿਰਨਾ ਉੱਡਦੀ ਕਿਤੇ ਖੁਸ਼ਬੂ ਬਣਕੇ,
ਬਣਕੇ ਰੰਗ ਤੇ ਕਿਤੇ ਸਮਾ ਜਾਣਾ।
ਬੂਹਾ ਬਾਗ਼ ਦਾ ਖੋਲ੍ਹਣਾ ਕਿਤੇ ਆਕੇ,
ਕਿਤੇ ਪਿੰਜਰੇ ਨੂੰ ਜਿੰਦਾ ਲਾ ਜਾਣਾ।
ਕਿਧਰੇ ਹੰਸਣਾ ਚੰਬੇ ਦੇ ਵਿੱਚ ਵੜਕੇ,
ਕਿਤੇ ਨਰਗਸ ਦੇ ਵਿੱਚ ਸ਼ਰਮਾ ਜਾਣਾ।
ਕਿਧਰੇ ਦੰਦ ਸਮੁੰਦਰੀ ਮੋਤੀਆਂ ਦੇ,
ਖਿੜ ਖਿੜ ਮੋਤੀਏ ਵਿੱਚ ਵਿਖਾ ਜਾਣਾ।
ਕਿਤੇ ਝੁੱਗੀ ਬਣਾਉਣੀ ਰਾਖਿਆਂ ਦੀ,
ਕਿਤੇ ਆਲ੍ਹਣਾ ਬੁਲਬੁਲ ਦਾ ਢਾ ਜਾਣਾ।
ਬਣਕੇ ਮਹਿੰਦੀ ਦੇ ਜਿਗਰ ਦੀ ਗੱਲ ਖ਼ੂਨੀ,
ਕਿਤੇ ਲਾਲਾ ਦੇ ਬੁੱਲ੍ਹਾਂ ਤੇ ਆ ਜਾਣਾ।
ਜੀਭਾਂ ਸੈਂਕੜੇ ਬਖ਼ਸ਼ਕੇ ਕਿਤੇ ਮੈਨੂੰ,
ਚੁੱਪ ਰਹਿਣ ਦਾ ਸਬਕ ਪੜ੍ਹਾ ਜਾਣਾ ।
ਮੈਨੂੰ ਅੱਲ੍ਹੜੀ ਉਮਰ 'ਚ ਮੋਹਨ ਬਦਲੇ,
ਕਈਆਂ ਤਰਾਂ ਦੀ ਖੇਡ ਰਚਾ ਜਾਣਾ ।
ਤੈਨੂੰ ਚਾਹੀਦਾ ਨਹੀਂ ਸੀ ਜ਼ਾਲਮੇ ਨੀ,
ਮੇਰੇ ਨਾਲ ਏਹ ਦਗ਼ਾ ਕਮਾ ਜਾਣਾ।
ਪਹਿਲੋਂ ਚਾੜ੍ਹਕੇ ਉਚੀਆਂ ਟੀਸੀਆਂ ਤੇ,
ਫੇਰ ਖ਼ਾਕ ਦੇ ਵਿੱਚ ਰੁਲਾ ਜਾਣਾ।
ਤੇਰੇ ਹਾਸਿਆਂ ਵਿੱਚ ਨਾਂ 'ਸ਼ਰਫ਼' ਆਂਉਂਦਾ,
ਹੁੰਦਾ ਯਾਦ ਜੇ ਤੇਰਾ ਰੁਆ ਜਾਣਾ।