ਪੰਨਾ:ਸੁਨਹਿਰੀ ਕਲੀਆਂ.pdf/279

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫੬)

ਕਰਿਆ ਕਰਾਂਗੀ ਸ਼ਾਮ ਦੀ ਨਿੱਤ ਪੂਜਾ,
ਤੇਰੀ ਚੌਧਵੀਂ ਰਾਤ ਦੀ ਜੋਤ ਅੰਦਰ!
ਰੇਖਾ ਸੀਤਲੇ ਸ੍ਵਰਗਾਂ ਦੇ ਹੱਥ ਦੀ ਏ,
ਜਮਨਾ ਭੁੱਲ ਗਈ ਓਹਦੀ ਪਛਾਨ ਤੈਨੂੰ।
ਜੀਹਦੇ ਚਰਨਾਂ ਦੇ ਛੁਹਣ ਦਾ ਜੱਗ ਅੰਦਰ,
ਮਿਲਿਆ ਸਭ ਕੋਲੋਂ ਪਹਿਲੇ ਮਾਨ ਤੈਨੂੰ।
ਨਾਗ ਕੱਢਕੇ ਤੇਰੀਆਂ ਲਿਟਾਂ ਵਿਚੋਂ,
ਜਿਨ੍ਹੇ ਕਰ ਦਿੱਤਾ ਅਵਾਦਾਨ ਤੈਨੂੰ।
ਲਹਿਰਾਂ ਮਾਰਨ ਦੀ ਜਾਚ ਸਿਖਾ ਗਈ ਏ,
ਜਿਦ੍ਹੀ ਬੰਸਰੀ ਦੀ ਸੁੰਦਰ ਤਾਨ ਤੈਨੂੰ।
ਤੈਨੂੰ ਓਸੇ ਹੀ ਭੈਣ ਦੀ ਸਹੁੰ ਹੈ ਨੀ,
ਜਿਦ੍ਹੇ ਵਿੱਚ ਇਹ ਜਾਣੇ ਨੇ ਫੁੱਲ ਮੇਰੇ।
ਓਸ ਅੰਮ੍ਰਿਤ ਦੇ ਸੋਮੇ ਦਾ ਪਤਾ ਦਸੀਂ,
ਹਾੜੇ ਕਰਦਿਆਂ ਸੁਕ ਗਏ ਬੁਲ੍ਹ ਮੇਰੇ!
ਪਰਮ ਪਿਆਰੀਏ ਵਾਏ ਨੀ ਹੈਂ ਤੂੰ ਤੇ,
ਛੋਹ ਕੇ ਟੀਸੀ ਹਿਮਾਲਾ ਦੀ ਆਉਣ ਵਾਲੀ
ਮੋਰ ਮੁਕਟ ਸਿਆਮ ਦਾ ਚੁੰਮ ਚੁੰਮ ਕੇ,
ਬੜੀਆਂ ਸੱਧਰਾਂ ਨਾਲ ਹਿਲਾਉਣ ਵਾਲੀ
ਸੁਰਾਂ ਭਿੱਜੀਆਂ ਭਿੱਜੀਆਂ ਪ੍ਰੇਮ ਦੀਆਂ,
ਬ੍ਰਿਜ ਨਾਰੀਆਂ ਕੋਲ ਪਚਾਉਣ ਵਾਲੀ।
ਸੱਚ ਪੁਛੇਂ ਤੇ ਉਸ ਦੀ ਬੰਸਰੀ ਦੀ,
ਮੈਨੂੰ ਤੂੰ ਹੈਂ ਦੁਮੂੰਹੀ ਲੜਾਉਣ ਵਾਲੀ।