ਪੰਨਾ:ਸੁਨਹਿਰੀ ਕਲੀਆਂ.pdf/268

ਇਹ ਸਫ਼ਾ ਪ੍ਰਮਾਣਿਤ ਹੈ

(੨੪੮)

ਖੀਵੇ ਹੋ ਹੋ ਲੈਣ ਹੁਲਾਰੇ
ਓੜਕ ਖਿੜ ਖਿੜ ਹੱਸੇ ਸਾਰੇ।
ਖੰਬੜੀਆਂ ਨੇ ਹੱਥ ਪਸਾਰੇ,
ਊਦੇ ਊਦੇ ਖੰਭ ਖਿਲਾਰੇ।
ਗੁੰਝਲ ਖੋਲ੍ਹ ਬਸੰਤੀ ਤੁਰੀਆਂ,
ਲਾਲ ਲਛੇ ਦੇ ਵੱਲੇ ਟੁਰੀਆਂ।
ਹੁੰਮ ਹੁਮਾਈਆਂ, ਬਾਗ਼ ਬਹਾਰਾਂ,

  • ਇੱਕ ਕਲੀ ਦੇ ਹੋ ਗਏ ਬਾਰਾਂ।

ਕੱਠੇ ਹੋ ਗਏ ਯਾਰ ਰੰਗੀਲੇ,
ਸਾਵੇ, ਊਦੇ, ਰੱਤੇ, ਪੀਲੇ।
ਸੁੰਦਰ, ਬੂਟੇ, ਤੋਤੇ ਰੰਗੇ।
ਫੁੱਲ ਅਸਮਾਨੀ ਅੰਦਰ ਟੰਗੇ।
ਤੁਰੀਆਂ ਫ਼ਰਸ਼ ਵਛਾਯਾ ਪੀਲਾ,
ਕੇਸਰ ਬੈਠਾ ਵਿੱਚ ਰੰਗੀਲਾ।
ਅੱਖਾਂ ਅਗੇ ਪਿਆਰਾ ਪਿਆਰਾ,
ਫਿਰਿਆ ਏਹੋ ਜਿਹਾ ਨਜ਼ਾਰਾ।
ਜਿਉਂ ਕਰ ਕੰਧ ਜ਼ਮੁਰਦੀ ਅੰਦਰ,
ਨੀਲਮ ਦਾ ਕੋਈ ਹੋਵੇ ਮੰਦਰ।


  • ਕੇਸਰ ਦਾ ਬੂਟਾ ਜੌਂ ਦੇ ਬੂਟੇ ਵਾਂਗੂੰ ਚਾਰ ਪੰਜ ਇੰਚ ਉੱਚਾ ਹੁੰਦਾ ਹੈ। ਉਸ ਵਿਚੋਂ ਅਸਮਾਨੀ ਰੰਗ ਦੀ ਇਕ ਕਲੀ ਫੁਟਦੀ ਏ ਜਿਸ ਦੀਆਂ ਛੇ ਖੰਭੜੀਆਂ ਹੁੰਦੀਆਂ ਨੇ, ਉਨ੍ਹਾਂ ਵਿਚ ਤਿੰਨ ਪੀਲੇ ਅਤੇ ਤਿੰਨ ਕੇਸਰੀ ਰੰਗ ਦੀਆਂ ਤੁਰੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਲਛਾ ਕਿਹਾ ਜਾਂਦਾ ਏ।