ਪੰਨਾ:ਸੁਨਹਿਰੀ ਕਲੀਆਂ.pdf/267

ਇਹ ਸਫ਼ਾ ਪ੍ਰਮਾਣਿਤ ਹੈ

(੨੪੭)

ਕੇਸਰ-ਕਿਆਰੀ

ਨੂਰੀ ਕਿਰਨਾਂ ਕਿਰ ਕਿਰ ਆਈਆਂ,
ਅਰਸ਼ਾਂ ਉੱਤੋਂ ਫਿਰ ਫਿਰ ਆਈਆਂ।
ਨਾਲ ਹਨੇਰੇ ਆਕੇ ਲੜੀਆਂ,
ਜਾ ਕੇਸਰ ਦੀ ਕੱਛੇ ਵੜੀਆਂ।
ਫੁੱਲਾਂ ਨਾਲ ਪ੍ਰੀਤ ਜੋ ਲਾਈ,
ਪੱਗ ਜ਼ਰੀ ਦੀ ਬੰਨ੍ਹ ਵਿਖਾਈ।
ਬਣ ਗਏ ਦੋਵੇਂ ਬੇਲੀ ਜਾਨੀ,
ਨੂਰੀ ਕਿਰਨਾਂ, ਫੁੱਲ ਅਸਮਾਨੀ।
ਸੁਣ ਸੁਣ ਪਿਅਰ, ਪਰੇਮ ਅਮੁਲੇ,
ਦੇਖਣ ਆ ਗਏ, ਵਾ ਦੇ ਬੁਲੇ।
ਸਭ ਦੀ ਕੰਡੇ ਥਾਪੀ ਲਾਈ,
ਹਰ ਇਕ ਦੇ ਮਨ ਚਾਹ ਵਧਾਈ।
ਮੁਸ਼ਕੰਬਰ ਦੀ ਗਠੜੀ ਪੋਲੀ,
ਹੌਲੀ ਜਿਹੀ ਹਵਾ ਨੇ ਖੋਲ੍ਹੀ।
ਡਿੱਠਾ ਜਦੋਂ ਪਿਆਰ ਅਜਿਹਾ,
ਫੁੱਲਾਂ ਕੋਲੋਂ ਗਿਆ ਨ ਰਿਹਾ।
ਗੁੜ੍ਹਕੇ, ਮੁਸਕੇ ਆਇਆ ਹਾਸਾ,
ਰੱਤੀ ਕੋਲੋਂ ਹੋ ਗਏ ਮਾਸਾ।