ਪੰਨਾ:ਸੁਨਹਿਰੀ ਕਲੀਆਂ.pdf/266

ਇਹ ਸਫ਼ਾ ਪ੍ਰਮਾਣਿਤ ਹੈ

(੨੪੬)

ਜ਼ਿੰਦਗੀ ਦੀ ਭੁਖ ਜਿਨ੍ਹਾਂ ਸ਼ੇਰਾਂ ਦੇ ਸਰੀਰਾਂ ਵਿੱਚ,
ਓਹਨਾਂ ਲਈ ਗ਼ੁਲਾਮੀਆਂ ਦਾ ਹੁੰਦਾ ਏਕ ਹਾਰ ਦਿਨ
ਠੰਢੇ ਠੰਢੇ ਹਹੁਕਿਆਂ ਦੀ ਮੁੱਕਦੀ ਨਹੀਂ ਰਾਤ ਕਾਲੀ,
ਚਾੜ੍ਹ ਦੇਵੇ ਸਾੜਿਆਂ ਦਾ ਆਣਕੇ ਬੁਖ਼ਾਰ ਦਿਨ।
ਰਾਤ ਜਹੀ ਅਫ਼ਾਤ ਵਾਲੇ ਕਾਲੇ ਕਾਲੇ ਧੂੰ ਵਿੱਚੋਂ,
ਸੂਰਜ ਵਾਲੇ ਕੱਢ ਕੱਢ ਮਾਰੇ ਅੰਗਿਆਰ ਦਿਨ।
ਸੇਜੇ ਸੁਖ ਸੌਣ ਦੀਆਂ ਘੜੀਆਂ ਤਦੇ ਲਹਿੰਦੀਆਂ ਨੇ,
ਸੂਰਜ ਵਾਲੇ ਚੱਕ ਨੂੰ ਜਾਂ ਫੇਰੇ ਘੁਮਿਆਰ ਦਿਨ।
ਕਿਰਨ ਕਦੀ ਸੂਰਜੋਂ ਜੇ ਇੱਕ ਵੀ ਗਵਾਚ ਜਾਵੇ,
ਕਰੇ ਢੂੰਡ ਭਾਲ ਵਿੱਚ ਐਸੀ ਮਾਰੋ ਮਾਰ ਦਿਨ।
ਸਣੇ ਚੰਨ ਤਾਰਿਆਂ ਦੀ ਗੰਢਾਂ ਪਿਆ ਫੋਲਦਾ ਏ,
ਖੋਲ੍ਹ ਖੋਲ੍ਹ ਵੇਖਦਾ ਏ ਰਾਤ ਦਾ ਪਟਾਰ ਦਿਨ।
ਤੈਨੂੰ ਤਾਂ ਖਿਆਲ ਭੀ ਨਹੀਂ ਜਾਗੀ ਹੋਈ ਰਾਤ ਜਿੰਨਾ,
ਆਲਸੀ ਨੇ ਲੁੱਟੇ ਤੇਰੇ ਭਾਵੇਂ ਕਈ ਹਜ਼ਾਰ ਦਿਨ।
'ਸ਼ਰਫ਼' ਜੇ ਅਜ਼ਾਦ ਨਹੀਂ ਖ਼ੁਦਮੁਖਤ੍ਯਾਰ ਬਣ,
ਐਸ਼ਾਂ ਨਾਲ ਕੱਟ ਲੈ ਤੂੰ ਜ਼ਿੰਦਗੀ ਦੇ ਚਾਰ ਦਿਨ।