ਪੰਨਾ:ਸੁਨਹਿਰੀ ਕਲੀਆਂ.pdf/259

ਇਹ ਸਫ਼ਾ ਪ੍ਰਮਾਣਿਤ ਹੈ

(੨੩੯)

ਓਥੇ ਨਹੀਂ ਸੀ ਪੱਤਾ ਹਿਲਦਾ,
ਏਥੇ ਚੁਪ ਦਾ ਪਤਾ ਨ ਮਿਲਦਾ।
ਕਿਹੜੇ ਪਾਸੇ ਆਂਦਾ ਲੇਖਾਂ,
ਜਿਧਰ ਦੇਖਾਂ ਗ਼ਮ ਨੂੰ ਵੇਖਾਂ,
ਵਗ ਵਗ ਬੁੱਲੇ ਪੱਖਾ ਝੋਲਨ,
ਕੰਨ ਮੇਰੇ ਦੇ ਪੜਦੇ ਖੋਲ੍ਹਨ।
ਸ਼ਾਂ ਸ਼ਾਂ ਕਰਕੇ ਆਖਣ ਮੈਨੂੰ,
ਮਿੱਟੀ ਵਾਂਗ ਉਡਾਉਣਾ ਤੈਨੂੰ।
ਆਖਣ ਮੈਨੂੰ ਕਿਰਨਾਂ ਰਲ ਕੇ,
ਹੋਣਾ ਤੂੰ ਪਰਛਾਵਾਂ ਢਲਕੇ।
ਅੱਖੋਂ ਡੇਗ ਤਰੇਲ ਸਤਾਰੇ,
ਰੋਵਣ ਦਾ ਵਲ ਦੱਸਣ ਸਾਰੇ।
ਸਹਿਮੀ ਜਾਵਾਂ, ਹੰਝੂ ਵੀਟਾਂ,
ਬੁੱਲ੍ਹ ਅਟੇਰਾਂ, ਮੁੱਠਾਂ ਮੀਟਾਂ।
ਮਾਂ ਪਰਚਾਵੇ ਪੋੱਖੇ, ਜ਼ੋਰੀ,
ਦੇਂਦੀ ਮੈਨੂੰ ਮਿੱਠੀ ਲੋਰੀ।
ਲੋਕੀ ਆਖਣ ਪ੍ਯਾਰੀ ਦੁਨੀਆਂ,
ਮੈਂ ਆਖਾਂ ਦੁਖਿਆਰੀ ਦੁਨੀਆਂ।
ਖਾਣਾ ਪੀਣਾ ਮਰਨਾ ਜਿੱਥੇ,
ਓਥੇ ਸੁਖ ਦਾ ਵਾਸਾ ਕਿੱਥੇ?
ਏਹ ਦੁਨੀਆਂ ਹੈ ਦੁੱਖਾਂ ਵਾਲੀ,
ਓਹ ਦੁਨੀਆਂ ਹੈ ਫ਼ਿਕਰੋਂ ਖਾਲੀ।