ਪੰਨਾ:ਸੁਨਹਿਰੀ ਕਲੀਆਂ.pdf/257

ਇਹ ਸਫ਼ਾ ਪ੍ਰਮਾਣਿਤ ਹੈ

(੨੩੭)

ਕੀ ਕੁਛ ਹੋਈ ਤਕਸੀਰ, ਖ਼ਤਾ ਮੈਥੋਂ,
ਕਿ ਤੂੰ ਐਵੇਂ ਹੀ, ਕੰਨੀ ਛੁਡਾ ਗਿਓਂ?
ਏਨ੍ਹਾਂ ਦੂਤੀਆਂ, ਦੁਸ਼ਮਨਾਂ, ਵੈਰੀਆਂ ਦੇ,
ਵਾਹ! ਵਾਹ! ਮਨ ਦੇ ਚਿੰਦੇ ਕਰਾ ਗਿਓਂ।
ਗੁੱਡੀ ਚਾੜ੍ਹਕੇ ਤੋੜੀਓ ਡੋਰ ਮੇਰੀ,
ਮੈਨੂੰ ਦੁਸ਼ਮਨਾਂ ਹੱਥ ਲੁਟਾ ਗਿਓਂ।
ਸੱਚ ਪੁੱਛੇਂ ਜੇ ਪ੍ਯਾਰਿਆ ਹਾਲ ਮੇਰਾ,
ਮੈਨੂੰ ਖ਼ਾਕ ਦੇ ਵਿੱਚ ਰੁਲਾ ਗਿਓਂ।
ਵੇਖ ਲਵੇਂਗਾ "ਸ਼ਰਫ" ਤੂੰ ਹਾਲ ਆਕੇ,
ਜੇਕਰ ਨਾਲ ਤਕਦੀਰ ਦੇ ਆ ਗਿਓਂ।

ਜੌਂ ਤੇ ਖਜੂਰ

ਸੰਘ ਪਾੜ ਨਾ ਬਹੁਤੀਆਂ ਕਰੀ ਗੱਲਾਂ,
ਰਹੀਂ ਵਿਤ ਦੇ ਵਿਚ ਸੁਚੱਜੀਏ ਨੀ।
ਤੇਰੇ ਕੰਨ ਵਰਾਛਾਂ ਭੀ ਇੱਕ ਹੋ ਗਏ,
ਐਡਾ ਖੋਲ੍ਹਿਆ ਮੁੰਹ ਨਿਲੱਜੀਏ ਨੀ।
ਨੰਗਾ ਐਬ ਜੇ ਕਿਸੇ ਦਾ ਵੇਖ ਲਈਏ,
ਪੜਦਾ ਸ਼ਰਮ ਦਾ ਪਾਕੇ ਕੱਜੀਏ ਨੀ।
ਅਸੀਂ ਯਾਰ ਪਿਆਰੇ ਦੇ ਮੂੰਹ ਬਦਲੇ,
ਖੇਤ ਖ਼ੁਸ਼ੀ ਦਾ ਜਾਣਕੇ ਤੱਜੀਏ ਨੀ।