ਪੰਨਾ:ਸੁਨਹਿਰੀ ਕਲੀਆਂ.pdf/250

ਇਹ ਸਫ਼ਾ ਪ੍ਰਮਾਣਿਤ ਹੈ

(੨੩੦)

ਸੂਝ ਆਪਣੀ ਤੇ ਆਦਰ ਦੂਜਿਆਂ ਦਾ,
ਬਹਿਣਾ ਪਰ੍ਹੇ ਦੇ ਵਿੱਚ ਸਿਖਲਾਂਵਦੀ ਏ।
ਦੇਖ, ਦੇਖ, ਅਫ਼ਰੀਕਾ ਦੇ ਹਬਸ਼ੀਆਂ ਨੂੰ,
ਪਈ ਪਸ਼ੂਆਂ ਤੋਂ ਬੰਦ ਬਣਾਂਵਦੀ ਏ।
ਰਾਜੇ ਇੰਦਰ ਦਾ ਰਾਜ ਵੀ ਹੋਵੇ ਭਾਵੇਂ,
ਉਹ ਵੀ ਕ੍ਰਿਸ਼ਨ ਅੱਗੇ ਇਕ ਦਿਨ ਝੁਕ ਜਾਵੇ।
ਹੋਵੇ ਭਰਿਆ ਸਮੁੰਦਰ ਦੇ ਦੌਲਤਾਂ ਦਾ,
ਓਹ ਵੀ ਵਰਤਦੇ ਵਰਤਦੇ ਸੁੱਕ ਜਾਵੇ।
ਓੜਕ ਸੂਰਜ ਜਵਾਨੀ ਦਾ ਢਲ ਜਾਂਦਾ,
ਆਖ਼ਰ ਹੁਸਨ ਦਾ ਕੰਵਲ ਵੀ ਲੁੱਕ ਜਾਵੇ।
ਮੇਖ ਰਾਸ ਤੋਂ ਚੱਲ ਕੇ ਮੀਨ ਤੀਕਰ,
ਸਾਰਾ ਗੇੜ ਅਸਮਾਨ ਦਾ ਮੁੱਕ ਜਾਵੇ।
ਐਪਰ ਲੜੀ ਇਹ ਸੁੱਚਯਾਂ ਮੋਤੀਆਂ ਦੀ,
ਕਦੀ ਕਿਸੇ ਨੂੰ ਤੋਟ ਨ ਪਾਂਵਦੀ ਏ।
ਜਿੰਨ੍ਹਾਂ ਏਸ ਨੂੰ ਕੰਠ ਕੋਈ ਕਰੇ ਬਹੁਤਾ,
ਓਨੀ ਵੱਧ ਦੀ ਚਮਕ ਵਿਖਾਂਵਦੀ ਏ।
ਜਦੋਂ ਕਿਸੇ ਤੇ ਆਣ ਕੇ ਭੀੜ ਬਣਦੀ,
ਓਦੋਂ ਕੋਈ ਨਹੀਂ ਓਹਦਾ ਭਿਆਲ ਹੁੰਦਾ।
ਸਗੋਂ ਫੁੱਲ ਦੀ ਸੁੰਦ੍ਰਤਾ ਵਾਂਗ ਓਹਦਾ,
ਵੈਰੀ ਆਪਣਾ ਹੀ ਵਾਲ ਵਾਲ ਹੁੰਦਾ।
ਓਹਦੀ ਕਲਮ ਪਰ ਓਦੋਂ ਵੀ ਬਣੇ ਨੇਜ਼ਾ,
ਸਫ਼ਾ ਸਫ਼ਾ ਕਿਤਾਬ ਦਾ ਢਾਲ ਹੁੰਦਾ।