ਪੰਨਾ:ਸੁਨਹਿਰੀ ਕਲੀਆਂ.pdf/245

ਇਹ ਸਫ਼ਾ ਪ੍ਰਮਾਣਿਤ ਹੈ

(੨੨੫)

ਦਿਲ ਮੇਰੇ ਵਿਚ ਸੱਧਰ ਏਹੋ ਠੰਢੀਆਂ ਹੋਵਨ ਅੱਖਾਂ,
ਸਿਰ ਤੇਰੇ ਤੇ ਛਤਰ ਗੁਲਾਬੀ ਹਰ ਦਮ ਲਾਈ ਰੱਖਾਂ!'
ਤੋਤੇ ਨੇ ਏਹ ਉੱਤਰ ਦਿਤਾ:-'ਨਾ ਕਰ ਐਡ ਨਿਹੋਰੇ,
ਮੈਂ ਨਹੀਂ ਫਸਦਾ ਫਾਹੀ ਤੇਰੀ ਕਾਹਨੂੰ ਪਾਵੇਂ ਡੋਰੇ?
ਸੌ ਜ਼ਬਾਨਾਂ ਵਾਲਿਆ! ਐਵੇਂ ਮਗ਼ਜ਼ ਮੇਰਾ ਤੂੰ ਖਾਵੇਂ,
ਇੱਕ ਜ਼ਬਾਨ ਜੇ ਹੋਵੇ ਤੇਰੀ ਤਾਂ ਤੂੰ ਮੈਨੂੰ ਭਾਵੇਂ!
ਕਿਧਰੇ ਤੇਰੇ ਸੀਨੇ ਉੱਤੇ ਬੁਲਬੁਲ ਆਕੇ ਲੇਟੇ,
ਕਾਲੇ ਮੂੰਹ ਵਾਲੇ ਭੌਰਾਂ ਦੇ ਚੜ੍ਹਿਓਂ ਕਿਧਰੇ ਟੇਟੇ!
ਜੋਬਨ ਦਾ ਰਸ ਚੂਪੇ ਤੇਰਾ ਕਿਧਰੇ ਮੱਖੀ ਆਕੇ,
ਕਿਧਰੇ ਤੈਨੂੰ ਬੰਦੇ ਰੱਖਣ ਗਲ ਦਾ ਹਾਰ ਬਣਾਕੇ!
ਐਨਿਆਂ ਨਾਲ ਮੁਹੱਬਤ ਲਾਕੇ ਕੀਹਦੇ ਨਾਲ ਨਿਭਾਈ,
ਮੈਨੂੰ ਭੀ ਹੁਣ ਫਾਹਵਣ ਲੱਗੋਂ ਤੈਨੂੰ ਸ਼ਰਮ ਨ ਆਈ?
ਤੇਰੇ ਜਹੇ ਹਰ-ਥਾਵੇਂ ਦੇ ਮੈਂ ਨੇੜੇ ਕਦੀ ਨਾਂ ਜਾਵਾਂ,
ਚਿੱਟੀ ਚਾਦਰ ਯਾਰੀ ਦੀ ਨੂੰ ਦਾਗ਼ ਕਦੀ ਨ ਲਾਵਾਂ!
ਆਨਾਂ ਅਣਖਾਂ ਵਾਲਾ ਕੋਈ ਯਾਰ ਫੜਾਂਗਾ ਚੁਣ ਕੇ,
ਹਰ ਹਰ ਗੱਲ ਨਿਤਾਰ ਲਵਾਂਗਾ ਸੌ ਸੌ ਵਾਰੀ ਪੁਣ ਕੇ!
"ਸ਼ਰਫ਼" ਇੱਕੋ ਨੂੰ ਯਾਰ ਬਣਾਈਏ ਇਕ ਦੇ ਰਹੀਏ ਹੋਕੇ,
ਘੁਟਕੇ ਓਹਦਾ ਪੱਲਾ ਫੜੀਏ ਦੂਈ ਵਲੋਂ ਹਥ ਧੋਕੇ!