ਪੰਨਾ:ਸੁਨਹਿਰੀ ਕਲੀਆਂ.pdf/238

ਇਹ ਸਫ਼ਾ ਪ੍ਰਮਾਣਿਤ ਹੈ

(੨੧੮)

ਮੇਚਾ ਓਹਦੇ ਕੱਦ ਦਾ ਸੀ ਪਿੱਛੋਂ ਕੰਢੀ ਲੈਣ ਲੱਗੇ,
ਏਸੇ ਈ ਖੁਨਾਮੀ ਵਿਚ ਬੰਨ੍ਹੇ ਗਏ ਵਿਚਾਰੇ ਕੇਸ।
ਮੋਤੀਏ ਦਾ ਹਾਰ ਉੱਤੇ ਕੁੰਜ ਵਾਂਗ ਲੱਗਦਾ ਏ,
ਕਾਲੇ ਕਾਲੇ ਸੱਪ ਮਾਰਨ ਸ਼ੂਕਰਾਂ ਸ਼ਿੰਗਾਰੇ ਕੇਸ।
ਅਬਰਕ ਦਿਆਂ ਜ਼ੱਰਿਆਂ ਨੇ ਚੰਦ ਐਸਾ ਚਾੜ੍ਹਿਆ ਏ,
ਉੱਡ ਉੱਡ ਤੋੜਦੇ ਨੇ ਅੰਬਰਾਂ ਤੋਂ ਤਾਰੇ ਕੇਸ।
ਕੰਨ ਦੀ ਕਨੂਲੀ ਵਿਚ ਮਾਰ ਮਾਰ ਕੁੰਡਲਾਂ ਨੂੰ,
ਖ਼ਬਰੇ ਕੀ ਕੀ ਆਖਦੇ ਨੇ ਪਏ ਮੇਰੇ ਬਾਰੇ ਕੇਸ।
ਪੁਰੇ ਦੀ ਹਵਾ ਵਿੱਚ ਸੱਪ ਜਿਵੇਂ ਝੂਲਦਾ ਏ,
ਗਲ ਨਾਲ ਲੈਂਦੇ ਤਿਵੇਂ ਗੱਲ੍ਹ ਤੇ ਹੁਲਾਰੇ ਕੇਸ।
ਦਿਨੇ ਰਾਤ ਹਿੱਕ ਉੱਤੇ ਲੇਟਦੇ ਤੇ ਪੇਲਦੇ ਨੇ,
ਕਾਲੇ ਕਾਲੇ ਵਲਾਂ ਵਾਲੇ ਕਿਸੇ ਦੇ ਪਿਆਰੇ ਕੇਸ।
'ਸ਼ਰਫ਼' ਸੱਚੇ ਇਸ਼ਕ ਦੀ ਕਮੰਦ ਇਨ੍ਹਾਂ ਵਿੱਚ ਹੋਵੇ,
ਖੜਦੇ ਮਜ਼ਾਜ਼ੀ ਵਿੱਚੋਂ ਹਰਿ ਦੇ ਦਵਾਰੇ ਕੇਸ।

--0--

ਬੂਟਾ ਤੇ ਬੱਦਲ

ਲਾ ਲਾ ਮੈਨੂੰ ਝੂਠੇ ਲਾਰੇ,
ਐਡੇ ਲੰਮੇ ਸਮੇਂ ਗੁਜ਼ਾਰੇ।
ਜਿੰਦ ਲਬਾਂ ਤੇ ਭਾਵੇਂ ਆਈ,
ਪਰ ਨਹੀਂ ਅਜੇ ਉਡੀਕ ਭੁਲਾਈ।