ਪੰਨਾ:ਸੁਨਹਿਰੀ ਕਲੀਆਂ.pdf/233

ਇਹ ਸਫ਼ਾ ਪ੍ਰਮਾਣਿਤ ਹੈ

(੨੧੩)

ਕੱਢ ਕੱਢ ਚੰਗਿਆੜੇ ਮੂੰਹ ਵਿੱਚੋਂ ਅੱਗ ਵਾਲੇ,
ਕਹਿਣ ਲੱਗਾ ‘ਸੁਣ ਮੈਥੋਂ ਕਿੱਸਾ ਮੇਰੇ ਹਾਲ ਦਾ।
ਟੋਟੇ ਟੋਟੇ ਕੀਤਾ ਮੇਰੇ ਨਾਲਦਿਆਂ ਬੇਲੀਆਂ ਨੂੰ,
ਮਾਰਿਆ ਹਥੌੜਾ ਕਿਸੇ ਵੈਰੀ ਨੇ ਕਮਾਲ ਦਾ।
ਲੂਣ ਮਿਰਚਾਂ ਲੱਗਦੇ ਨੇ ਕਿਸੇ ਦਿਆਂ ਫੱਟਾਂ ਉੱਤੇ,
ਚੱਕੀ ਪਿਆ ਪੀਸਦਾ ਏ ਕੋਈ ਮੇਰੇ ਨਾਲ ਦਾ।
ਦਿੱਤਾ ਏ ਚੌਖ਼ੱਡੀਆਂ ਦੇ ਵਿਚ ਕਈਆਂ ਪ੍ਯਾਰਿਆਂ ਨੂੰ
ਵਿਛ ਵਿਛ ਫ਼ਰਸ਼ ਉੱਤੇ ਔਕੜਾਂ ਕੋਈ ਜਾਲ ਦਾ।
ਸਾਡੇ ਠੇਡੇ ਨਾਲ ਜਿਹੜਾ ਕੱਲ ਪਿਆ ਡਿੱਗਦਾ ਸੀ,
ਅੱਜ ਓਹੋ ਮਿੱਧ ਮਿੱਧ ਆਕੜਾਂ ਵਿਖਾਲਦਾ।
ਮੈਂ ਭੀ ਦੇਸ ਆਪਣੇ ਦੇ ਵਿੱਚ ਜੇ ਅਜ਼ਾਦ ਹੁੰਦਾ,
ਵੇਂਹਦੋਂ ਮੈਨੂੰ ਫੇਰ ਤੂੰ ਭੀ ਵੇਸ ਮੈਂ ਕੀ ਢਾਲਦਾ?
ਹਰੀ ਭਰੀ ਭਾਗਾਂ ਵਾਲੀ ਐਸੀ ਹੁੰਦੀ ਗੱਦ ਮੇਰੀ,
ਹੀਰਿਆਂ ਫ਼ੀਰੋਜ਼ਿਆਂ ਨੂੰ ਝੋਲੀ ਵਿੱਚ ਪਾਲਦਾ।
ਸੱਤ ਸੱਤ ਬਾਦਸ਼ਾਹੀਆਂ ਭਾਵੇਂ ਵਿਕ ਜਾਂਦੀਆਂ ਜੇ,
ਫੇਰ ਵੀ ਨਾ ਪੂਰਾ ਹੁੰਦਾ ਮੁਲ ਇੱਕ ਲਾਲ ਦਾ।
ਮੇਰੇ ਮੂੰਹ ਦੀ ਥੁੱਕੀ ਹੋਈ ਲਾਲ ਲਾਲ ਥੁੱਕ ਨੇ ਵੀ,
ਬੂਥਾ ਕਦੋਂ ਵੇਖਣਾ ਸੀ ਤੇਰੇ ਜਹੇ ਕੰਗਾਲ ਦਾ।
ਕਹਿਣ ਲਗਾ ਆਪ ਭੀ ਅਜ਼ਾਦੀ ਦਾ ਪ੍ਰੇਮੀ ਬਣ,
ਖਹਿੜਾ ਛੱਡ ਮੇਰੀ ਭੀ ਗ਼ੁਲਾਮੀ ਦੇ ਖ਼ਿਆਲ ਦਾ।
'ਸ਼ਰਫ਼' ਏਹ ਅਟੱਲ ਗੱਲ ਰੱਬ ਬੀ ਬਣਾਈ ਹੋਈ,
ਜ਼ੱਰਾ ਜ਼ੱਰਾ ਜੱਗ ਦਾ ਅਜ਼ਾਦੀਆਂ ਨੂੰ ਭਾਲਦਾ।'