ਪੰਨਾ:ਸੁਨਹਿਰੀ ਕਲੀਆਂ.pdf/226

ਇਹ ਸਫ਼ਾ ਪ੍ਰਮਾਣਿਤ ਹੈ

(੨੦੬)

ਬੂਟੇ ਬੂਟੇ ਕੋਇਲ ਫਿਰਦੀ
ਆਸ ਪੁੱਜੀ ਹੁਣ ਚੋਖੇ ਚਿਰ ਦੀ!
ਟਾਹਣੀ ੨ ਗਲੇ ਲਗਾਵੇ,
ਵਾਂਗ ਪਤੰਗੇ ਜਾਨ ਘੁਮਾਵੇ!
ਉੱਚੀ ਉੱਚੀ ਕਰੇ ਪੁਕਾਰਾਂ,
ਲੁੱਟਾਂਗੀ ਹੁਣ ਮੌਜ ਬਹਾਰਾਂ!
ਸਾਵੀ ਤਾਰ ਮੁਹੱਬਤ ਵਾਲੀ,
ਵੱਟੀ ਐਸੀ ਕੋਇਲ ਕਾਲੀ!
ਅੰਬਾਂ ਅੰਦਰ ਪੈ ਗਈ ਜਾਲੀ,
ਜ਼ਰਦੀ ਉੱਤੇ ਛਾ ਗਈ ਲਾਲੀ!
ਕੁਦਰਤ ਘੋਲੀ ਖੰਡ ਨਿਰਾਲੀ,
ਭਰ ਗਏ ਸਾਰੇ ਕੂਜ਼ੇ ਖ਼ਾਲੀ!
ਅੱਗ ਲਗਨ ਦੀ ਕੋਇਲ ਕਾਲੀ
ਸੀਨੇ ਅੰਦਰ ਐਸੀ ਬਾਲੀ!
ਦੁੱਖ ਹਿਜਰ ਦਾ ਗਿਆ ਨ ਸਹਿਆ,
ਜੇਰਾ ਟੁੱਟਾ ਸਬਰ ਨ ਰਹਿਆ!
ਜਬਰ ਜਲਾਇਆ ਪਕੜ ਤ੍ਰਾਟਾਂ
ਬਲ ਬਲ ਆਈਆਂ ਬਾਹਰ ਲਾਟਾਂ!
ਲਾਟਾਂ ਨੇ ਉਹ ਰੰਗ ਵਿਖਾਇਆ,
ਜੀਭ ਉਤੇ ਫੜ ਛਾਲਾ ਪਾਇਆ!
ਓਧਰ ਅੰਬਾਂ ਰੰਗ ਵਟਾਇਆ
ਚੜ੍ਹ ਚੜ੍ਹ ਆਇਆ ਹੁਸਨ ਸਵਾਇਆ!