ਪੰਨਾ:ਸੁਨਹਿਰੀ ਕਲੀਆਂ.pdf/222

ਇਹ ਸਫ਼ਾ ਪ੍ਰਮਾਣਿਤ ਹੈ

(੨੦੨)

ਰੱਬੀ ਰੰਗਣ

ਗਹਿਰੇ ਗਹਿਰੇ ਆਨਿਆਂ ਤੋਂ ਅੱਜ ਏਹ ਸੰਜਾਪਦਾ ਏ,
ਦੇਖ ਲਈਆਂ ਤੁਸੀ ਕਿਸੇ ਹੋਰ ਦੀਆਂ ਅੱਖੀਆਂ!
ਤਦੇ ਮੇਰੇ ਰੋਣ ਤੇ ਵੀ ਹੱਸ ਹੱਸ ਪੈਂਦੀਆਂ ਨੇ,
ਤੇਰੇ ਜਹੇ ਬੇਰਹਿਮ ਤੇ ਕਠੋਰ ਦੀਆਂ ਅੱਖੀਆਂ!
ਦਿਲ ਮੇਰਾ ਲੈਣ ਵਾਲੇ! ਨੀਵੀ ਨਜ਼ਰ ਕਹੇ ਤੇਰੀ,
ਸਾਵ੍ਹੇਂ ਕਦੀ ਹੁੰਦੀਆਂ ਨਹੀਂ ਚੋਰ ਦੀਆਂ ਅੱਖੀਆਂ!
ਤਾੜੀ ਐਦਾਂ ਬੱਝ ਗਈ ਏ ਗੋਰੇ ਗੋਰੇ ਮੁੱਖੜੇ ਤੇ,
ਵੇਂਹਦੀਆਂ ਨੇ ਚੰਨ ਜਿਓਂ ਚਕੋਰ ਦੀਆਂ ਅੱਖੀਆਂ!
ਓਸੇ ਤਰਾਂ ਵੇਖਣ ਬਰੀਕੀ ਤੇਰੇ ਹੁਸਨ ਵਾਲੀ,
ਮੇਰੇ ਜਹੇ ਬਾਵਰੇ ਲਟੋਰ ਦੀਆਂ ਅੱਖੀਆਂ!
'ਸ਼ਰਫ਼' ਜਿੱਦਾਂ ਵੇਂਹਦੀਆਂ ਨੇ ਰੱਬ ਦੀਆਂ ਰੰਗਣਾਂ ਨੂੰ,
ਇੱਕ ਇੱਕ ਖੰਭ ਵਿੱਚੋਂ ਮੋਰ ਦੀਆਂ ਅੱਖੀਆਂ!

+ਉੱਦਮ+

ਕਰੇਂ ਕਿਸੇ ਤੇ ਕਾਹਦਾ ਰੋਸਾ?
ਕਾਹਨੂੰ ਹੋਵੇਂ ਠੰਡਾ ਕੋਸਾ?
ਦਿਲ ਅਪਨੇ ਨੂੰ ਦੇਵੀਂ ਝੋਸਾ!
ਖ਼ੁਦ ਤੇ ਕਰਨਾ ਸਿੱਖ ਭਰੋਸਾ!
ਪੱਥਰ ਪਾੜ ਜ਼ਿਮੀਂ ਦੇ ਸਾਰੇ!
ਸੋਮੇਂ ਵਾਂਗੂੰ ਛੱਡ ਫੁਹਾਰੇ!