ਪੰਨਾ:ਸੁਨਹਿਰੀ ਕਲੀਆਂ.pdf/210

ਇਹ ਸਫ਼ਾ ਪ੍ਰਮਾਣਿਤ ਹੈ

(੧੯o)

ਗੀਤ

ਲਾਵਾਂ ਸੀਨੇ ਨਾਲ ਨਸ਼ਾਨੀ ਨੂੰ।
ਕਰਾਂ ਯਾਦ ਜਦੋਂ ਮੈਂ ਜਾਨੀ ਨੂੰ।

ਛਾਵੇਂ ਬਹਿ ੨ ਅੱਥਰੂ ਕੇਰਾਂ,
ਨਾਲੇ ਮੋਤੀ ਪਾਵਾਂ ਗਾਨੀ ਨੂੰ। ਲਾਵਾਂ .......।
ਲਾਂਬੂ ਬਲ ੨ ਸੀਨੇ ਉੱਠਦੇ,
ਜਦੋਂ ਵੇਖਾਂ ਹੁਸਨ ਜਵਾਨੀ ਨੂੰ। ਲਾਵਾਂ.....।
ਘਰ ਦੇ ਮੈਂਨੂੰ ਛਿਬੀਆਂ ਨੇ ਦੇਂਦੇ,
ਸਈਆਂ ਹਾਸੇ ਕਰਨ ਦੀਵਾਨੀ ਨੂੰ। ਲਾਵਾਂ......।
'ਸ਼ਰਫ਼' ਤੇਰੇ ਇਹ ਛਾਪਾਂ ਤੇ ਛੱਲੇ,
ਮੇਰੇ ਲਾਵਨ ਭਾਗ ਵੈਰਾਨੀ ਨੂੰ। ਲਾਵਾਂ......।

॥ਦੋਹਿਰਾ॥

ਵਰਜ ਨਾਂ ਮੇਰੀ ਅਹਿਲ ਸਹੇਲੀ ਰੋਵਨ ਦੇਹ ਅਜ ਰੱਜਕੇ।
ਖੁਲ੍ਹੇ ਕੇਸ ਘਟਾਂ ਚੜ੍ਹ ਆਈਆਂ, ਨੈਣ ਵਰਹੱਨ ਗੱਜ ੨ ਕੇ।
ਅਗੇ ਚੌਖਾ ਸਮਾਂ ਲੰਘਾਇਆ, ਸ਼ਰਮ ਅੰਦਰ ਮੂੰਹ ਕੱਜਕੇ।
'ਸ਼ਰਫ਼' ਮਾਹੀ ਬਿਨ ਮੈਂ ਨਹੀਓਂ ਰਹਿਣਾ ਹੁਣ ਆਖਾਂ ਮੈਂ ਵੱਜਕੇ।