ਪੰਨਾ:ਸੁਨਹਿਰੀ ਕਲੀਆਂ.pdf/208

ਇਹ ਸਫ਼ਾ ਪ੍ਰਮਾਣਿਤ ਹੈ

(੧੮੮)

ਗੀਤ

ਵਾਹ ਵਾਹ ਯਾਰ ਨਜ਼ਾਰਾ ਤੇਰਾ।
ਭੋਲੇ ੨ ਨੈਣ ਰੰਗੀਲੇ, ਮੁੱਖੜਾ ਪਿਆਰਾ ੨ ਤੇਰਾ।
ਨਿੱਕੀਆਂ ੨ ਗਲਾਂ ਤੇਰੀਆਂ, ਝੂਠਾ ੨ ਲਾਰਾ ਤੇਰਾ।
ਰਵੇ ਸਲਾਮਤ ਹਰਦਮ ਜਾਨੀ, ਬਾਰੀਆਂ ਵਾਲਾ ਚੁਬਾਰਾ ਤੇਰਾ।
ਦਿਲ ਨੂੰ ਢਾਰਸ ਦੇਵਾਂ ਦਿਲਬਰ, ਦੂਰੋਂ ਵੇਖ ਇਸ਼ਾਰਾ ਤੇਰਾ।
ਪਾ ਏ 'ਸ਼ਰਫ' ਨੂੰ ਖ਼ੈਰ ਹੁਸਨ ਦਾ, ਬੈਠਾ ਮੱਲ ਦਵਾਰਾ ਤੇਰਾ।

॥ਦੋਹਿਰਾ॥

ਦਿਲ ਮੇਰੇ ਵਿੱਚ ਖੁਭ ਗਏ ਜਾਨੀ,
ਤੇਰਾ ਹੁਸਨ ਸ਼ਬਾਬੀ, ਸ਼ਕਲ ਨਵਾਬੀ।
ਬਦਨ, ਦਵਾਲੇ ਜ਼ਰੀਂ ਕਪੜੇ,
ਪੈਰਾਂ ਵਿੱਚ ਗੁਰਗ਼ਾਬੀ, ਰੰਗ ਉਨਾਬੀ।
ਭਖ ੨ ਕੇ ਉਹ ਲਾਟ ਮਰੇਂਦੇ,
ਤੇਰੇ ਰੁਖ਼ ਸ਼ਹਾਬੀ, ਮਿਸਲ ਮਤਾਬੀ।
ਮਸਤ ਅਲਮਸਤ 'ਸ਼ਰਫ਼' ਨੂੰ ਕਰ ਗਏ,
ਦੋਵੇਂ ਨੈਂਣ ਗੁਲਾਬੀ ਨੀਂਮ ਸ਼ਰਾਬੀ।