ਪੰਨਾ:ਸੁਨਹਿਰੀ ਕਲੀਆਂ.pdf/201

ਇਹ ਸਫ਼ਾ ਪ੍ਰਮਾਣਿਤ ਹੈ

(੧੮੧)

ਮੱਤਾਂ

ਜੇ ਤੂੰ ਪੰਧ ਜ਼ਿੰਦਗੀ ਦਾ ਸੌਖ ਨਾਲ ਕੱਟਣਾ ਏਂ,
ਦੁਨੀਆਂ ਦੇ ਲੋਭ ਵਾਲੀ ਮੋਢਿਓਂ ਉਤਾਰ ਗੰਢ!
ਪਲਾਂ ਫੜੀਂ ਘੁੱਟਕੇ ਜਾਹਨ ਵਿੱਚ ਇੱਕ ਦਾ ਤੂੰ,
ਜਣੇ ਖਣੇ ਨਾਲ ਪਿਆ ਐਵੇਂ ਨਾ ਪਿਆਰ ਗੰਢ!
ਭਲਾ ਰੱਬ ਆਸਰੇ ਨੂੰ ਜੱਗ ਦੀ ਮੁਥਾਜੀ ਕਾਹਦੀ,
ਸਿਰ ਉੱਤੇ ਚੁੱਕਦਾ ਨਹੀਂ ਘੋੜੇ ਅਸਵਾਰ ਗੰਢ!
ਪੀਚ ਪੀਚ ਪਲੇ ਬੰਨ੍ਹ, ਕੰਮ ਸਾਰੇ ਨੇਕੀਆਂ ਦੇ,
ਸ਼ੂਮ ਜਿਵੇਂ ਰੱਖਦਾ ਹੈ ਪੈਸਿਆਂ ਨੂੰ ਮਾਰ ਗੰਢ!
ਏਹਨੂੰ ਸਿਰੋਂ ਲਾਹੁਣ ਲੱਗੇ ਪੱਗ ਵੀ ਨਾ ਲਹੇ ਤੇਰੀ,
ਸੋਚ ਨਾਲ ਚੁਕੀ ਤੂੰ ਬਿਆਜੜੂ ਹੁਦਾਰ ਗੰਢ!
ਜੇਰੇ ਨਾਲ ਡੱਕ ਤੂੰ ਵੀ ਹੰਜੂਆਂ ਨੂੰ ਭੋਲਿਆ ਓਏ,
ਵੇਖ ਕਿਵੇਂ ਦਾਣਿਆਂ ਦੀ ਬੰਨ੍ਹਦਾ ਅਨਾਰ ਗੰਢ!
ਘੁੰਡੀ ਵਾਲੇ ਦਿਲੋਂ ਨਾ ਪਿਆਰ ਦੀ ਉਮੈਦ ਰੱਖੀਂ,
ਗੰਨੇ ਵਿੱਚ ਰੱਸ ਕਿੱਥੇ ਜਿੱਥੇ ਹੋਵੇ ਯਾਰ ਗੰਢ!
ਭੇਤ ਇੱਕ ਦੂਸਰੇ ਦਾ ਲੜ ਕੇ ਵੀ ਖੋਲ੍ਹੀਏ ਨਾਂ,
ਦਿਲਾਂ ਵਿੱਚ ਪਏ ਭਾਵੇਂ ਲੱਖ ਤੇ ਹਜ਼ਾਰ ਗੰਢ!
ਲੱਕ ਤੇਰਾ ਤੋੜ ਦੇਸਣ ਵਾਧੂ ਫ਼ੈਲਸੂਫ਼ੀਆਂ ਏਹ,
ਵਿਤੋਂ ਬਾਹਰੀ ਚੱਕੀ ਹੋਈ ਕਰਦੀ ਖ਼ਵਾਰ ਗੰਢ!
'ਸ਼ਰਫ' ਤੇਰੀ ਜ਼ਿੰਦਗੀ ਦਾ ਸਿੱਟਾ ਨੇਕ ਚਾਹੀਦਾ ਏ,
ਸੌ ਹੱਥ ਰੱਸਾ ਓਹਦੇ ਸਿਰੇ ਉੱਤੇ ਮਾਰ ਗੰਢ!