ਪੰਨਾ:ਸੁਨਹਿਰੀ ਕਲੀਆਂ.pdf/194

ਇਹ ਸਫ਼ਾ ਪ੍ਰਮਾਣਿਤ ਹੈ

(੧੭੪)

ਬਹੁਤ ਉੱਚਾ ਨਾਂ ਚੜ੍ਹੀਂ ਅਸਮਾਨ ਉੱਤੇ,
ਮਤਾਂ ਡਿਗੇਂ ਸਿਰ ਭਾਰ ਪੁਹਾਰਿਆ ਓ!
ਮੇਰੀ ਰੇਸ਼ਮੀ ਪੀਂਘ ਪਿਆਰ ਵਾਲੀ,
ਤੋੜ ਦਿੱਤੀ ਓ ਸਖ਼ਤ ਹੁਲਾਰਿਆ ਓ।
ਜ਼ੁਲਮ ਜੱਗ ਕੋਲੋਂ ਬਾਹਰਾ ਕਰ ਗਿਆ ਏਂ,
ਮੇਰੇ ਨਾਲ ਤੂੰ ਤੇ ਹੈਂਸਿਆਰਿਆ ਓ।
ਜਿਗਰ ਵਾਂਗ ਦਿਆਰ ਦੇ ਚੀਰ ਗਿਓਂ,
ਹਾਏ ਤਰਖਾਣਾ ਦੇ ਤਿਖਿਆ ਆਰਿਆ ਓ।
ਤੇਲ ਪਾ ਕੇ ਹੋਰ ਭੜਕਾਇਆ ਈ,
ਲਗੀ ਅੱਗ ਨੂੰ ਸਗੋਂ ਅੰਗਿਆਰਿਆ ਓ।
ਠੰਡੇ ਸਾਹ ਹੁਣ ਦਸ ਮੈਂ ਲਵਾਂ ਕਿਉਂ ਨਾਂ,
ਮੇਰੀ ਹਿੱਕ ਨੂੰ ਕਦੋਂ ਤੂੰ ਠਾਰਿਆ ਓ।
ਤੇਰੇ ਨਾਲ ਮੁਹੱਬਤਾਂ ਕੀ? ਪਾਈਆਂ,
ਅਵੇਂ ਰੇਤ ਦਾ ਮਹਿਲ ਉਸਾਰਿਆ ਓ।
ਬਣਕੇ ਆਪ ਚਲਾਕ ਹੁਸ਼ਿਆਰ ਵੱਡੇ,
ਸਾਨੂੰ ਗਾਈਆਂ ਦੇ ਵਾਂਗ ਤੂੰ ਚਾਰਿਆ ਓ।
ਤੇਰਾ ਹੋਰਨਾਂ ਨਾਲ ਪਿਆਰ ਡਾਹਡਾ,
ਤਦੇਂ ਮਨੋਂ ਤੂੰ ਮੈਂਨੂੰ ਵਸਾਰਿਆ ਓ।
ਸਾਨੂੰ ਵਿੱਚ ਸੁਹਾਗ ਦੇ ਭੁਲਿਆ ਏਂ,
ਵਰਿਆ ਗਿਆ ਤੇ ਨਿਜ ਕਵਾਰਿਆ ਓ।
ਮੈਂ ਅਨਤਾਰੂ ਤੇ ਇਸ਼ਕ ਦੀ ਨੈਂ ਡੋਬੂ,
ਤੇਰੇ ਆਸਰੇ ਠਿੱਲਾ ਸਹਾਰਿਆ ਓ।