ਪੰਨਾ:ਸੁਨਹਿਰੀ ਕਲੀਆਂ.pdf/189

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬੯)

ਜਿਨ੍ਹਾਂ ਦੇਵੀਆਂ ਦੇ ਏਸ ਜੱਗ ਉੱਤੇ,
ਪਰਲੋ ਤੀਕ ਲੋਕਾਂ ਗੀਤ ਗਾਵਣੇ ਨੇ!
ਦੀਪ ਕੌਰ ਦੀ ਕਰਾਂਗੀ ਕੁਝ ਭੇਟਾ,
ਮਾਈ ਭਾਗੋ ਦੇ ਗਲ ਕੁਝ ਪਾਵਣੇ ਨੇ!
ਸਾਹਿਬ ਕੌਰ ਨਾਲੇ ਧਰਮ ਕੌਰ ਨੂੰ ਭੀ,
ਬੜੀ ਸ਼ਰਧਾ ਦੇ ਨਾਲ ਪਹਿਨਾਵਣੇ ਨੇ!
ਬਲ, ਸਿਦਕ, ਸੇਵਾ ਪਤੀਬਰਤ ਅੰਦਰ,
ਧੰਨ ਹੌਸਲੇ ਸਨ ਇਨ੍ਹਾਂ ਬੀਬੀਆਂ ਦੇ!
ਛਿੱਤਰ ਮਾਰਕੇ ਮਾਇਆ ਦੇ ਮੂੰਹ ਉੱਤੇ,
ਕੀਤੇ ਸੱਥਰ ਮਨਜ਼ੂਰ ਗ਼ਰੀਬੀਆਂ ਦੇ!
ਗੱਲਾਂ ਓਹਦੀਆਂ ਸਾਰੀਆਂ ਸੁਣ ਸੁਣਕੇ,
ਮੈਨੂੰ ਚਤਰ ਚਲਾਕੀਆਂ ਭੁੱਲ ਗਈਆਂ!
ਆਦਰ ਨਾਲ ਮੈਂ ਸੀਸ ਨਿਵਾ ਦਿੱਤਾ,
ਲੱਤਾਂ ਬਾਹਾਂ ਵਿੱਚ ਖੁਸ਼ੀ ਦੇ ਫੁੱਲ ਗਈਆਂ!
ਮੋਤੀ ਖਿੱਲਰੇ ਜ਼ਿਮੀਂ ਤੇ ਹੰਝੂਆਂ ਦੇ,
ਅੱਖਾਂ ਵਾਲੀਆਂ ਡੱਬੀਆਂ ਡੁੱਲ੍ਹ ਗਈਆਂ!
ਆਕੇ ਫੇਰ ਇਕ ਤੇਜ ਦੀ ਲਾਸ ਚਮਕੀ,
ਓਧਰ ਅਰਸ਼ ਤੋਂ ਬਾਰੀਆਂ ਖੁੱਲ੍ਹ ਗਈਆਂ!
ਚੜ੍ਹ ਗਈ ਮਾਰ ਉਡਾਰੀਆਂ ਅੰਬਰਾਂ ਤੇ,
ਲੈਕੇ ਨਾਲ ਵਧਾਈ ਸਲਾਮ ਮੇਰਾ!
ਜਾਣ ਲੱਗੀ ਏਹ ਆਖ ਗਈ 'ਸ਼ਰਫ਼' ਮੈਨੂੰ,
ਹੈ "ਪੰਜਾਬੀ ਕਵੀਸ਼ਰੀ" ਨਾਮ ਮੇਰਾ!