ਪੰਨਾ:ਸੁਨਹਿਰੀ ਕਲੀਆਂ.pdf/187

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬੭)

ਫੇਰ ਇੱਕ ਪਟਾਰ ਦੇ ਵਿੱਚ ਸਾਰਾ,
ਸਾਂਭ ਸੂਤ ਇਹ ਲਿਆ ਭੰਡਾਰ ਓਨ੍ਹੇ!
ਪਰ ਲੱਗ ਗਏ ਚਾ ਦੇ ਜਹੇ ਓਹਨੂੰ,
ਉੱਡਣ ਲਈ ਓਹ ਪੂਰੀ ਤਿਆਰ ਹੋ ਗਈ!
ਗੱਲ ਕਰਨ ਦੇ ਵਾਸਤੇ ਔਹੜਿਆ ਮੈਂ,
ਮੇਰੀ ਓਦ੍ਹੀ ਨਿਗਾਹ ਭੀ ਚਾਰ ਹੋ ਗਈ!
ਓਹਨੂੰ ਕਿਹਾ ਮੈਂ ਦੱਸ ਖਾਂ ਭਾਗਵਾਨੇ,
ਇਹ ਕੀ ਕੀਤੀਆਂ ਗੱਲਾਂ ਨਿਕਾਰੀਆਂ ਤੂੰ!
ਕੀਤਾ ਰੱਬ ਦਾ ਭਉ ਨ ਭੌਰਿਆਂ ਤੇ,
ਡੰਗ ਲਾ ਲਾ ਡੁੰਗੀਆਂ ਕਿਆਰੀਆਂ ਤੂੰ!
ਗਹਿਣਾ ਲਾਹ ਲਾਹ ਫੁੱਲਾਂ ਦੀ ਟਾਣ੍ਹੀਆਂ ਤੋਂ,
ਕਰ ਛੱਡੀਆਂ ਬੁੱਚੀਆਂ ਸਾਰੀਆਂ ਤੂੰ!
ਤੈਨੂੰ ਕਹਿਣਗੇ ਚਿੱਤ ਕੀ ਬੁਲਬੁਲਾਂ ਦੇ,
ਫੇਰ ਚੱਲੀਂ ਏ ਜਿਨ੍ਹਾਂ ਤੇ ਆਰੀਆਂ ਤੂੰ!
ਦੇਵੀ ਦਯਾ ਦੀ ਬਾਹਰੋਂ ਜਾਪਦੀ ਏਂ,
ਦਿੱਸੇ ਹੋਰ ਕੁਝ ਅੰਦਰੋਂ ਹਿੱਤ ਤੇਰਾ!
ਮਹਿੰਦੀ ਵਾਂਗ ਤੂੰ ਉੱਪਰੋਂ ਹਰੀ ਲਗੇਂ,
ਖ਼ੂਨੀ ਜਾਪਦਾ ਏ ਵਿੱਚੋਂ ਚਿੱਤ ਤੇਰਾ!
ਸਹਿਜ ਭਾ ਦੇ ਨਾਲ ਓਹ ਕੂਈ ਅੱਗੋਂ,
ਐਡਾ ਝੂਠ ਅਪਰਾਧ ਕਿਉਂ ਤੋਲਿਆ ਈ?
ਮੇਰੀ ਹਿੱਕ ਤੇ ਉੱਕਰੇ ਗਏ ਸਾਰੇ,
ਜੋ ਜੋ ਸੁਖ਼ਨ ਬਿਲੱਛਣਾ ਬੋਲਿਆ ਈ!