ਪੰਨਾ:ਸੁਨਹਿਰੀ ਕਲੀਆਂ.pdf/185

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



(੧੬੫)

ਤੇਰੇ ਚਿੱਤ ਤੋਂ ਭਰਮ ਮਿਟਾ ਸਾਰਾ!
ਉੱਤੇ ਮੋਹਰ ਪਰਤੀਤ ਦੀ ਲਾ ਦਏਗੀ!
ਏਨੇ ਵਿੱਚ ਇਕ ਨੂਰ ਦੀ ਲੱਸ ਚਮਕੀ,
ਮੀਂਹ ਅੰਮ੍ਰਿਤ ਦਾ ਆਣਕੇ ਵੱਸਿਆ ਸੀ!
ਵਗ ਵਗ ਪ੍ਰੇਮ ਦੇ ਬੁੱਲਿਆਂ ਨੇ,
ਖਬਰੇ ਬਾਗ਼ ਦੇ ਕੰਨ ਕੀ ਦੱਸਿਆ ਸੀ!
ਗਿੱਧਾ ਮਾਰਿਆ ਕਲੀਆਂ ਤੇ ਪੱਤਰਾਂ ਨੇ,
ਟਾਹ ਟਾਹ ਕਰਕੇ ਫੁੱਲ ਹੱਸਿਆ ਸੀ!
ਮੁੱਦਾ ਕੀ ਕਿ ਬਾਗ਼ ਨਿਵਾਸੀਆਂ ਲਈ,
ਤਰਨ ਤਾਰਨੋ ਆ ਗਈ ਮੱਸਿਆ ਸੀ!
ਆਦਰ ਨਾਲ ਸਿਹਾਰੀਆਂ ਵਾਂਗ ਹੋਕੇ,
ਸਭਨਾਂ ਟਾਹਣੀਆਂ ਸੀਸ ਨਿਵਾ ਦਿੱਤੇ!
ਤਰਸੇ ਹੋਏ ਉਡੀਕ ਵਿੱਚ ਘਾਹ ਨੇ ਭੀ,
ਨੇਤਰ ਮਖ਼ਮਲੀ ਫ਼ਰਸ਼ ਵਿਛਾ ਦਿੱਤੇ!
ਪ੍ਰਗਟ ਹੋਈ ਇਕ ਇਸਤ੍ਰੀ ਓਸ ਵੇਲੇ,
ਬੱਦਲ ਨੂਰ ਦੇ ਜੀਹਦੇ ਤੇ ਛਾਏ ਹੋਏ ਸਨ!
ਦਯਾ ਦਾਨ ਦੀ ਬਣੀ ਸੀ ਦੇਹ ਓਹਦੀ,
ਪਤੀਬਰਤ ਦੇ ਅੰਗ ਸਜਾਏ ਹੋਏ ਸਨ!
ਪਈ ਸਿਦਕ ਦੀ ਓਸ ਵਿੱਚ ਆਤਮਾ ਸੀ,
ਸੇਵਾ ਟਹਿਲ ਦੇ ਹੱਥ ਬਣਾਏ ਹੋਏ ਸਨ!
ਓਹਦਾ ਦਿਲ ਪ੍ਰੇਮ ਦਾ ਸਾਜਕੇ ਤੇ,
ਵਿੱਚ ਦੁੱਖੜੇ ਜੱਗ ਦੇ ਪਾਏ ਹੋਏ ਸਨ!