ਪੰਨਾ:ਸੁਨਹਿਰੀ ਕਲੀਆਂ.pdf/169

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪੯)

ਛਲ ਜਾ ਨਾਂ ਨੈਣਾਂ ਦੇ ਫਟਿਆਂ ਨੂੰ,
ਏਹ ਨਹੀਂ ਕਰਨੇ ਛਲਾਵਿਆ ਛਲ ਅਛੇ।
ਤੀਰ ਨਜ਼ਰ ਜੋ ਖੁਸ਼ੀ ਦੇ ਨਾਲ ਖਾਈਏ,
ਨੌ ਨਿਹਾਲ ਏਹ ਲਗਦੇ ਨੇ ਫਲ ਅਛੇ।
ਟੁਕੜੇ ਦਿੱਲਦੇ ਕਰ ਲੈ ਨੇ 'ਸ਼ਰਫ਼' ਕਠੇ,
ਹੁਣ ਪਏ ਢੂੰਡੀਏ ਅਸੀ ਪੈਕਾਨ ਤੇਰੇ।
ਦਿੱਲਬਰ ਜ਼ਰਾ ਝਰੋਕਿਓਂ ਵੇਖ ਤੇ ਸਹੀ,
ਕੀਕਰ ਤੜਫ਼ਦੇ ਨੇ ਨੀਂਮ ਜਾਨ ਤੇਰੇ।

ਸਲਾਮ


ਡਰਦੇ ਰਹੀਏ ਹੁਸੀਨਾਂ ਦੇ ਧੋਖਿਆਂ ਤੋਂ,
ਏਨ੍ਹਾਂ ਨਾਲ ਨਾਂ ਕਦੀ ਕਲਾਮ ਕਰੀਏ।
ਵੇਖ ਵੇਖ ਕੇ ਏਨ੍ਹਾਂ ਦੇ ਨੈਣ ਸੋਹਣੇ,
ਨੀਂਦਰ ਸੁਖਦੀ ਕਾਹਨੂੰ ਹਰਾਮ ਕਰੀਏ।
ਸੈਂਨਤ ਨਾਲ ਭੀ ਕਰੀਏ ਨਾਂ ਗੱਲ ਕੋਈ,
ਤੇ ਨਾਂ ਆਪਣਾ ਆਪ ਨੂੰ ਬਦਨਾਮ ਕਰੀਏ।
ਏਨ੍ਹਾਂ ਸੋਹਣਿਆਂ ਸੋਹਣਿਆਂ ਬੰਦਿਆਂ ਨੂੰ,
ਦੂਰੋਂ ਦੂਰੋਂ ਈ 'ਸ਼ਰਫ਼' ਸਲਾਮ ਕਰੀਏ।