ਪੰਨਾ:ਸੁਨਹਿਰੀ ਕਲੀਆਂ.pdf/153

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੩ )

ਚੋਣਵੇਂ ਫੁੱਲ

ਜਿਤਨਾਂ ਜੀ ਚਾਹੇ ਕਰਲੈ ਜੁਲਮ ਜ਼ਾਲਮ,
ਖ਼ਾਕਸਾਰ ਮੁਝ ਆਸ਼ਕੇ ਰਾਜ਼ ਉੱਤੇ ।
ਜੀਉਂਦੀ ਜਾਨ ਨਾਂ ਛਡਾਂਗਾ ਗਲੀ ਤੇਰੀ,
ਰਹਿਸਾਂ ਮਰਕੇ ਭੀ ਕਾਇਮ ਇਕਰਾਰ ਉੱਤੇ ।
ਮੇਰੀ ਸੱਚੀ ਮੁਹੱਬਤ ਦੀ ਕਲੀ ਪਿਆਰੇ,
ਖੁੱਲ ਜਾਏਗੀ ਸਾਰੇ ਸੰਸਾਰ ਉੱਤੇ।
ਮੋਇਆਂ ਬਾਦ ਭੀ 'ਸ਼ਰਫ' ਦੀਆਂ ਹੱਡੀਆਂ ਦਾ,
ਚੂਨਾ ਹੋਵੇਗਾ ਤੇਰੀ ਦੀਵਾਰ ਉੱਤੇ।

ਨਾੜ ਨਾੜ ਮੇਰੀ ਸਾੜੀ ਨਾੜ ਵਾਂਗੂੰ,
ਤੇਰੇ ਚਾਏ ਚਾ ਲਾਈਆਂ ਚੁਵਾਤੀਆਂ ਨੇ ।
ਪਲਕਾਂ ਤੀਰ ਸ਼ਰੀਰ ਨੂੰ ਚੀਰ ਗਈਆਂ,
ਭਵਾਂ ਫੇਰੀਆਂ ਜ਼ਿਗਰ ਤੇ ਕਾਤੀਆਂ ਨੇ।
ਕੁਝ ਤੇ ਮਾਰਿਆ ਤੇਰਿਆਂ ਸਾਥੀਆਂ ਨੇ,
ਬਹੁਤਾ ਮਾਰਿਆ ਤੇਰੀਆਂ ਝਾਤੀਆਂ ਨੇ ।
ਮਰ ਮਰ ਗਏ ਹਾਂ ਅਸੀ ਹਰ ਗਲ ਉੱਤੇ,
ਮੁਸ਼ਕਲ ਸਾਡੀਆਂ 'ਸ਼ਰਫ਼' ਹਯਾਤੀਆਂ ਨੇ ।