ਪੰਨਾ:ਸੁਨਹਿਰੀ ਕਲੀਆਂ.pdf/143

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੩ )

ਮਿਲਾਪ

ਹੁੰਦੇ ਮੱਖਣਾ ਅਸੀ ਜੇ ਸੂਝ ਵਾਲੇ,
ਐਵੇਂ ਰੇੜਕੇ ਦਾ ਪਾਣੀ ਰਿੜਕਦੇ ਨਾਂ!
ਦੂਤੀ ਪੈਰਾਂ ਤੇ ਰੱਖਦੇ ਪੱਗ ਭਾਵੇਂ,
ਅਸੀ ਪੈਂਤੜੇ ਤੋਂ ਕਦੀ ਥਿੜਕਦੇ ਨਾਂ!
ਪਾਣੀ ਓਭੜਾਂ ਦਾ ਭਰਨਾਂ ਕਿਓਂ ਪੈਂਦਾ,
ਆਪੋ ਵਿੱਚ ਜੇ ਪਾਟਦੇ ਤਿੜਕਦੇ ਨਾਂ!
ਜੇ ਨਾਂ ਭੁੱਲਦੇ ਅਸੀ ਗਵਾਂਢ ਮੱਥਾ,
ਤਾਂ ਅਜ ਓਪਰੇ ਸਾਨੂੰ ਭੀ ਝਿੜਕਦੇ ਨਾਂ!

ਹੁਣ ਭੀ ਰੱਬ ਦੇ ਵਾਸਤੇ ਇੱਕ ਹੋ ਜਾ,
ਕੀ ਲੈਣਾ ਈਂ ਭੋਲਿਆ ਦੋ ਬਣਕੇ!
ਆ ਜਾ ਹਿੰਦ ਗੁਲਾਬ ਦੇ ਫੁੱਲ ਅੰਦਰ,
ਦੋਵੇਂ ਵੱਸੀਏ ਰੰਗ-ਖ਼ੁਸ਼ਬੋ ਬਣਕੇ!
ਤੂੰ ਤੇ ਮੈਂ ਹਾਂ ਦੋਏ ਭਰਾ ਓਹੋ,
ਜਿਨ੍ਹਾਂ ਧੁੰਮ ਜਹਾਨ ਵਿੱਚ ਪਾ ਦਿੱਤੀ!
ਡਿੱਠਾ ਅੱਖ ਸੁਰਮੀਲੀ ਦੇ ਨਾਲ ਜਿੱਧਰ,
ਓਧਰ ਹਿੰਦ ਦੀ ਤੇਗ ਲਿਸ਼ਕਾ ਦਿੱਤੀ!