ਪੰਨਾ:ਸੁਨਹਿਰੀ ਕਲੀਆਂ.pdf/136

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੬)

ਗੁੱਸੇ ਗਿਲੇ ਹਮੇਸ਼ਾਂ ਇਹ ਰਹਿਣ ਸੁੱਕੇ,
ਲੋਕੀ ਚੁੱਪ ਰਹਿ ਗਏ, ਏਹੋ ਸ਼ੱਕ ਕਰਕੇ!
'ਸ਼ਰਫ' ਡੱਕਦਾ ਡੱਕਦਾ ਥੱਕਿਆ ਮੈਂ,
ਗਿਆ ਯਾਰ ਗੱਲ ਦੋ ਡੱਕ-ਕਰਕੇ!

ਬਹੁਤੇ ਅੱਥਰੇ ਨਾਲ ਨਾਂ ਪਿਆਰ ਪਾਈਏ,
ਆਖੇ ਕੌਲ ਸਿਆਣਿਆਂ ਸੱਚ ਦੇ ਸਨ!
ਘਾਟੇ ਵਾਧੇ ਇਹ ਦਗ਼ੇ ਫਰੇਬ ਵਾਲੇ,
ਮੇਰੀ ਨਜ਼ਰ ਦੇ ਵਿੱਚ ਨਾਂ ਜੱਚਦੇ ਸਨ!
ਬਰਫ ਵਾਂਗ ਹੁਣ ਹੋ ਗਿਆ ਦਿਲ ਠੰਢਾ,
ਜਿੱਥੇ ਪਿਆਰੇ ਵਾਲੇ ਭਾਂਬੜ ਮਚਦੇ ਸਨ!
'ਸ਼ਰਫ਼' ਜਿਨ੍ਹਾਂ ਨੂੰ ਲਾਲ ਮੈਂ ਸਮਝਿਆ ਸੀ,
ਮੇਰੀ ਵਾਹ ਕਿਸਮਤ! ਮੋਤੀ ਕੱਚ ਦੇ ਸਨ!

ਮੈਥੋਂ ਉਹਨਾਂ ਦਾ ਹਾਲ ਅਜ ਪੁੱਛ ਜਾਨੀ,
ਨਵੇਂ ਯਾਰ ਤੂੰ ਜੇਹੜੇ ਹੁਣ ਟੋਲੜੇ ਨੇ!
ਯੂਸਫ਼ ਜਹੇ ਭਰਾਵਾਂ ਨੂੰ ਦੇਣ ਧੋਖੇ,
ਜ਼ਾਹਰਾ ਦਿੱਸਦੇ ਭੋਲੋੜੇ ਭੋਲੜੇ ਨੇ!
ਮਤਾਂ ਹੋਵੇ ਦਲਾਲੀ ਵਿੱਚ ਮੂੰਹ ਕਾਲਾ,
ਲਾਲ ! ਕੱਚ ਨਾਹੀਂ ਸਮਝੀਂ ਕੋਲੜੇ ਨੇ!
'ਸ਼ਰਫ਼' ਸਮਝ ਸੁਰਖ਼ਾਬ ਦਾ ਖੰਭ ਤੈਨੂੰ,
ਏਹ ਉਡੌਣ ਲੱਗੇ ਵਾ ਵਰੋਲੜੇ ਨੇ!