ਪੰਨਾ:ਸੁਨਹਿਰੀ ਕਲੀਆਂ.pdf/116

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੬ )

ਓਸ ਪਰੀ ਉੱਤੇ ਪਰ ਰਤਾ ਵੀ ਨਾਂ ਪੋਹਿਆ ਕੋਈ,
ਹੁੱਬ ਦੇ ਵਜ਼ੀਫ਼ੇ ਰਹੇ ਪੜ੍ਹਦੇ ਕਈ ਸਾਲ ਹੰਝੂ !
ਪੱਥਰਾਂ ਜੱਹੇ ਮਨ ਓਦੋਂ ਬੈਠ ਰੋਂਦੇ ਮਣ ਉੱਤੇ,
ਤੁਰਨ ਜਦੋਂ ਬੰਨ੍ਹਕੇ ਯਤੀਮਾਂ ਵਾਂਗ ਪਾਲ ਹੰਝੂ !
ਬਿਟ ਬਿਟ ਵੇਂਹਦੀਆਂ ਨੇ ਪੁਤਲੀਆਂ ਬੀ ਮਾਂ ਵਾਂਗੂੰ,
ਗੋਦ ਵਿੱਚੋਂ ਨਿਕਲੇ ਤੇ ਰਿੜ੍ਹੇ ਜਾਂਦੇ ਬਾਲ ਹੰਝੂ !
ਕੌਡੀਆਂ ਗ਼ਰੀਬ ਦੀਆਂ ਪੈਣ ਇਹ ਕਬੂਲ ਸ਼ਾਲਾ,
ਬਣਾਂ ਮੈਂ ਕਾਰੂਨ ਕਾਹਨੂੰ ਜੋੜ ਜੋੜ ਮਾਲ ਹੰਝੂ !
ਉੱਚਿਆਂ ਖ਼ਿਆਲਾਂ ਵਾਲਾ ਯਾਰ ਵੇਖ ਕੰਬ ਗਿਆ,
ਅੰਬਰਾਂ ਦੇ ਉੱਤੇ ਵੀ ਲਿਆਏ ਨੇ ਭੁਚਾਲ ਹੰਝੂ !
ਰੁੱਠਾ ਹੋਯਾ ਜਾਨੀ ਮੇਰਾ ਝੱਟ ਪੱਟ ਮੰਨ ਪਿਆ,
ਜੌਹਰੀਆਂ ਦੇ ਪੁੱਤ ਜਦੋਂ ਬਣ ਗਏ ਦਲਾਲ ਹੰਝੂ !
ਮੋਤੀ ਦਿੱਤੇ ਯਾਰ ਨੂੰ ਮੈਂ ਮੁੱਖੜਾ ਵਖਾਲਣੀ ਦੇ,
ਦੇਖ ਲਿਆ ਮੂੰਹ ਓਹਦਾ, ਓਸਨੂੰ ਵਿਖਾਲ ਹੰਝੂ !
ਦੂਤੀਆਂ ਦੀ ਹਿੱਕ ਵਿੱਚ ਗੋਲੀਆਂ ਦੇ ਵਾਂਗ ਵੱਜੇ,
ਪੂੰਝੇ ਜਦੋਂ ਓਸਨੇ ਦੁਪੱਟੜੇ ਦੇ ਨਾਲ ਹੰਝੂ !
ਮੇਰੇ ਸੱਚੇ ਹੇਰਵੇ ਨੇ ਕਰ ਦਿੱਤੇ ਵੇਰਵੇ ਏਹ,
ਲੱਗ ਪਿਆ ਕੇਰਨ ਓਹ ਬੀ ਹੋ ਕੇ ਨਿਢਾਲ ਹੰਝੂ !
ਮਾਘ ਦੇ ਮਹੀਨੇ ਮੇਰੇ ਸੀਨੇ ਦੀ ਬਿਆਈ ਸੜੀ,
ਗੜੇ ਵਾਂਗ ਡੇਗੇ ਓਹਦੇ ਦੀਦਿਆਂ ਕਮਾਲ ਹੰਝੂ !
'ਨਰਗਸੀ-ਕਿਆਰੀ' ਵਿੱਚੋਂ ਮਾਰ ਕੇ ਉਡਾਰੀ ਚੱਲੇ,
ਚੰਦ ਜਹੇ ਮੁੱਖ ਤੇ, ਚਕੋਰ ਵਾਲੀ ਚਾਲ ਹੰਝੂ !